ਗੁਰਦੁਆਰਾ ਛੇਵੀਂ ਪਾਤਸ਼ਾਹੀ ’ਚ ਪੁਸਤਕ ਰਿਲੀਜ਼
ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ਪੁਸਤਕ ਰਿਲੀਜ਼
Publish Date: Sun, 22 Mar 2026 07:27 PM (IST)
Updated Date: Sun, 22 Mar 2026 07:31 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਅੰਮ੍ਰਿਤ ਵੇਲੇ ਦੇ ਵਿਸ਼ੇਸ਼ ਦੀਵਾਨ ’ਚ ਪ੍ਰਸਿੱਧ ਲੇਖਿਕਾ ਅਮਰ ਕੌਰ ਬੇਦੀ ਵੱਲੋਂ ਲਿਖਿਤ ਤੇ ਪ੍ਰਕਾਸ਼ਿਤ ਪੁਸਤਕ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ਰਿਲੀਜ਼ ਕਰ ਕੇ ਸੰਗਤਾਂ ਨੂੰ ਭੇਟ ਕੀਤੀ ਗਈ। ਪੁਸਤਕ ਰਿਲੀਜ਼ ਕਰਦੇ ਹੋਏ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਅਥਾਹ ਸਮੁੰਦਰ ਹੈ ਤੇ ਇਸ ’ਚ ਵੱਖ-ਵੱਖ ਬਾਣੀ ਰੂਪੀ ਹੀਰੇ ਤੇ ਲਾਲ ਸੱਜੇ ਹੋਏ ਹਨ। ਇਨ੍ਹਾਂ ’ਚੋਂ ਹੀ ਇਕ ਅਨਮੋਲ ਮੋਤੀ ਪੰਚਮ ਪਾਤਸ਼ਾਹ ਜੀ ਦੀ ਸ਼ਾਹਕਾਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਰੂਪ ’ਚ ਸੱਜਿਆ ਹੋਇਆ ਹੈ ਜੋ ਕਿ ਗਉੜੀ ਸੁਖਮਨੀ ਦੇ ਨਾਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵਿਦਮਾਨ ਹੈ। ਅਜਿਹੀ ਅਨਮੋਲ ਬਾਣੀ ਦੀ ਵਿਆਖਿਆ ਕਰਨੀ ਤੇ ਉਸ ਨੂੰ ਪੁਸਤਕ ਦੇ ਰੂਪ ’ਚ ਛਪਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਪ੍ਰਸਿੱਧ ਵਿਦਵਾਨ ਲੇਖਕ ਬੇਅੰਤ ਸਿੰਘ ਸਰਹੱਦੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗੁਰਦੁਆਰਾ ਸਾਹਿਬ ਵੱਲੋਂ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਆਏ ਹੋਏ ਵਿਦਵਾਨਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਅਮਰ ਕੌਰ ਬੇਦੀ ਨੂੰ ਤੇ ਚੇਤਨ ਸਿੰਘ ਨੂੰ ਸਿਰੋਪਾਓ ਦੀ ਬਖਸ਼ਿਸ਼ ਤੇ ਪੁਸਤਕਾਂ ਦਾ ਸੈੱਟ ਭੇਟ ਕਰ ਕੇ ਸਨਮਾਨਿਤ ਕੀਤਾ। ਰਿਲੀਜ਼ ਸਮਾਗਮ ਤੋਂ ਪਹਿਲਾਂ ਚੱਲ ਰਹੀ ਸਹਿਜ ਪਾਠਾਂ ਦੀ ਲੜੀ ਤਹਿਤ ਅਕਾਲੀ ਰਛਪਾਲ ਸਿੰਘ ਦੇ ਪ੍ਰਵਾਰ ਵੱਲੋਂ ਸ੍ਰੀ ਸਹਿਜ ਪਾਠਾਂ ਦੀ ਸੰਪੂਰਨਤਾ ਦੇ ਭੋਗ ਪੁਆਏ ਗਏ। ਸੰਗਤੀ ਰੂਪ ’ਚ ਨੌਵੇਂ ਮਹਲੇ ਦੇ ਸਲੋਕਾਂ ਦਾ ਪਾਠ ਕੀਤਾ ਗਿਆ। ਸਮਾਪਤੀ ਉਪਰੰਤ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਛਕਾਇਆ ਗਿਆ।