ਐੱਸਜੀਐੱਲ ਹਸਪਤਾਲ ’ਚ 69 ਸਾਲਾ ਔਰਤ ਦਾ ਸਫਲ ਇਲਾਜ
ਐੱਸਜੀਐੱਲ ਹਸਪਤਾਲ ’ਚ 69 ਸਾਲਾ ਮਹਿਲਾ ਦਾ ਸਫਲ ਇਲਾਜ
Publish Date: Wed, 11 Feb 2026 06:46 PM (IST)
Updated Date: Wed, 11 Feb 2026 06:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰੱਸਟ ਵੱਲੋਂ ਚਲਾਏ ਜਾ ਰਹੇ ਐੱਸਜੀਐੱਲ ਹਸਪਤਾਲ ’ਚ ਇਕ 69 ਸਾਲਾ ਔਰਤ ਦਾ ਸਫਲ ਇਲਾਜ ਕੀਤਾ ਗਿਆ। ਮਰੀਜ਼ ਮੈਨੋਪੌਜ਼ ਤੋਂ ਬਾਅਦ ਅਚਾਨਕ ਖੂਨ ਆਉਣ ਤੇ ਪੇਟ ਦਰਦ ਦੀ ਸਮੱਸਿਆ ਨਾਲ ਪੀੜਤ ਸੀ। ਹਸਪਤਾਲ ਦੀ ਗਾਇਨਕੋਲੋਜਿਸਟ ਡਾ. ਨੀਲੂ ਖੰਨਾ ਨੇ ਦੱਸਿਆ ਕਿ ਮੈਨੋਪੌਜ਼ ਤੋਂ ਬਾਅਦ ਖੂਨ ਆਉਣਾ ਕਦੇ ਵੀ ਆਮ ਗੱਲ ਨਹੀਂ ਹੁੰਦੀ ਤੇ ਇਸ ਦੀ ਤੁਰੰਤ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਔਰਤ ਦੇ ਯੂਟ੍ਰਸ ’ਚ ਕਈ ਫਾਇਬਰਾਇਡ (ਗੰਢਾਂ) ਮੌਜੂਦ ਸਨ, ਜੋ ਦਰਦ ਤੇ ਬਲੀਡਿੰਗ ਦਾ ਕਾਰਨ ਬਣ ਰਹੇ ਸਨ। ਅਲਟ੍ਰਾਸਾਊਂਡ ਤੇ ਸੀਟੀ ਸਕੈਨ ਰਾਹੀਂ ਇਹ ਸਪੱਸ਼ਟ ਹੋ ਗਿਆ ਕਿ ਇਹ ਗੰਢਾਂ ਕੈਂਸਰ ਨਹੀਂ ਸਨ। ਇਸ ਦੇ ਨਾਲ ਹੀ ਜਾਂਚ ਦੌਰਾਨ ਇਕ ਦੁਰਲੱਭ ਗੱਲ ਵੀ ਸਾਹਮਣੇ ਆਈ। ਮਹਿਲਾ ਦੇ ਖੱਬੇ ਪਾਸੇ ਛਾਤੀ ਤੇ ਪੇਟ ਨੂੰ ਵੱਖ ਕਰਨ ਵਾਲੀ ਪਰਤ (ਡਾਯਾਫ੍ਰਾਮ) ਥੋੜ੍ਹੀ ਉੱਪਰ ਚੜ੍ਹੀ ਹੋਈ ਪਾਈ ਗਈ। ਡਾ. ਨੀਲੂ ਖੰਨਾ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਡਾਯਾਫ੍ਰਾਮ ਸਬੰਧੀ ਸਮੱਸਿਆ ਅਕਸਰ ਬਿਨਾਂ ਕਿਸੇ ਲੱਛਣ ਦੇ ਰਹਿੰਦੀ ਹੈ। ਇਹ ਸਮੱਸਿਆ ਜਨਮ ਤੋਂ ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਫ੍ਰੈਨਿਕ ਨਰਵ ਦੀ ਖਰਾਬੀ ਕਾਰਨ ਵੀ ਹੋ ਸਕਦੀ ਹੈ। ਇਸ ਦੀ ਦਰ ਆਮ ਜਨਸੰਖਿਆ ’ਚ 0.05 ਫੀਸਦੀ ਤੋਂ ਘੱਟ ਮੰਨੀ ਜਾਂਦੀ ਹੈ। ਵੱਡੀ ਉਮਰ ਦੇ ਲੋਕਾਂ ’ਚ ਇਹ ਅਕਸਰ ਜਾਂਚ ਦੌਰਾਨ ਅਚਾਨਕ ਹੀ ਪਤਾ ਲੱਗਦੀ ਹੈ ਤੇ ਜ਼ਿਆਦਾਤਰ ਮਾਮਲਿਆਂ ’ਚ ਇਸਦੇ ਕੋਈ ਲੱਛਣ ਨਹੀਂ ਹੁੰਦੇ। ਜਿੱਥੇ ਲੱਛਣ ਹੁੰਦੇ ਹਨ, ਉੱਥੇ ਮਰੀਜ਼ ਨੂੰ ਸਾਹ ਚੜ੍ਹਣਾ, ਛਾਤੀ ’ਚ ਅਸੁਖਾਵਟ ਜਾਂ ਪੇਟ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ ਪਰ ਇਸ ਮਰੀਜ਼ ’ਚ ਇਸ ਤਰ੍ਹਾਂ ਦੇ ਕੋਈ ਵੀ ਲੱਛਣ ਮੌਜੂਦ ਨਹੀਂ ਸਨ। ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਫਾਇਬਰਾਇਡ ਦੇ ਇਲਾਜ ਲਈ ਸਫਲ ਆਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੀ ਸਿਹਤ ’ਚ ਸੁਧਾਰ ਆਇਆ ਤੇ ਉਸਨੂੰ ਨਿਯਮਤ ਫਾਲੋਅੱਪ ਦੀ ਸਲਾਹ ਦੇ ਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਸਮੇਂ ਮਰੀਜ਼ ਦੀ ਸਿਹਤ ਬਿਲਕੁਲ ਠੀਕ ਹੈ। ਡਾ. ਨੀਲੂ ਖੰਨਾ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਹੈ ਕਿ ਜੇ ਮੈਨੋਪੌਜ਼ ਤੋਂ ਬਾਅਦ ਕਦੇ ਵੀ ਖੂਨ ਆਵੇ ਜਾਂ ਪੇਟ ਦਰਦ ਲੰਮੇ ਸਮੇਂ ਤੱਕ ਬਣਿਆ ਰਹੇ ਤਾਂ ਦੇਰੀ ਨਾ ਕਰਦੇ ਹੋਏ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਐੱਸਜੀਐੱਲ ਹਸਪਤਾਲ ’ਚ ਔਰਤਾਂ ਦੀਆਂ ਬਿਮਾਰੀਆਂ ਨਾਲ ਸਬੰਧਤ ਹਰ ਕਿਸਮ ਦਾ ਇਲਾਜ ਅਧੁਨਿਕ ਤਕਨੀਕਾਂ ਤੇ ਵਾਜ਼ਬ ਦਰਾਂ ’ ਤੇ ਉਪਲੱਬਧ ਹੈ।