ਵਿਦਿਆਰਥੀਆਂ ਨੂੰ ‘ਨੇਗੋਸ਼ਿਏਬਲ ਇੰਸਟਰੂਮੈਂਟ ਐਕਟ’ ਬਾਰੇ ਦੱਸਿਆ
ਵਿਦਿਆਰਥੀਆਂ ਨੂੰ ‘ਨੇਗੋਸ਼ਿਏਬਲ ਇੰਸਟਰੂਮੈਂਟ ਐਕਟ’ ਸਬੰਧੀ ਕੀਤਾ ਜਾਗਰੂਕ
Publish Date: Thu, 19 Mar 2026 07:13 PM (IST)
Updated Date: Thu, 19 Mar 2026 07:16 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਵਿਖੇ ਵਿੱਦਿਆਰਥੀਆਂ ਨੂੰ ਬੈਂਕਿੰਗ ਪ੍ਰਣਾਲੀ ਤੇ ਨੇਗੋਸ਼ਿਏਬਲ ਇੰਸਟਰੂਮੈਂਟਸ ਬਾਰੇ ਜਾਣੂ ਕਰਨ ਲਈ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਚੈੱਕ ਦੀ ਮਹੱਤਤਾ, ਇਸਦੀ ਵਰਤੋਂ ਤੇ ਸੁਰੱਖਿਆ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਚੈੱਕ ਇਕ ਮਹੱਤਵਪੂਰਨ ਵਿੱਤੀ ਦਸਤਾਵੇਜ਼ ਹੈ, ਜਿਸ ਰਾਹੀਂ ਬਿਨਾਂ ਨਕਦ ਰਕਮ ਦੇ ਲੈਣ-ਦੇਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਚੈਕ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਤਰੀਕ, ਪ੍ਰਾਪਤ ਕਰਤਾ ਦਾ ਨਾਮ, ਰਕਮ ਤੇ ਦਸਤਖ਼ਤ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਵਿਦਿਆਰਥੀਆਂ ਨੂੰ ਬੈਂਕਿੰਗ ਪ੍ਰਣਾਲੀ ’ਚ ਵਰਤੇ ਜਾਂਦੇ ਵੱਖ-ਵੱਖ ਚੈੱਕਾ ਜਿਵੇਂ ਬੇਅਰਰ ਚੈੱਕ, ਆਰਡਰ ਚੈੱਕ, ਕਰਾਸਡ ਚੈੱਕ, ਅਕਾਊਂਟ ਪੇਈ ਚੈੱਕ, ਪੋਸਟ ਡੇਟਿਡ ਚੈੱਕ ਤੇ ਐਂਟੀ ਡੇਟਿਡ ਚੈੱਕ ਸਬੰਧੀ ਜਾਣਕਾਰੀ ਵਿਸਥਾਰ ਪੂਰਵਕ ਦਿੱਤੀ ਗਈ। ਸੈਮੀਨਾਰ ’ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਚੈੱਕ ਜਾਰੀ ਕਰਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਪੰਕਜ ਸ਼ਰਮਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅੱਜ ਦੇ ਸਮੇਂ ’ਚ ਵਿਦਿਆਰਥੀਆਂ ਲਈ ਵਿੱਤੀ ਸਾਖਰਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਚੈੱਕ ਤੇ ਹੋਰ ਨੇਗੋਸ਼ਿਏਬਲ ਇੰਸਟਰੂਮੈਂਟਸ ਬਾਰੇ ਜਾਣਕਾਰੀ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਤੇ ਸੁਚੇਤ ਨਾਗਰਿਕ ਬਣਾਉਂਦੀ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ ਤੇ ਐੱਮਡੀ ਸ਼ਿਵਮ ਸ਼ਰਮਾ ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਤੇ ਬੈਂਕਿੰਗ ਯੁੱਗ ’ਚ ਵਿਦਿਆਰਥੀਆਂ ਲਈ ਵਿੱਤੀ ਗਿਆਨ ਬਹੁਤ ਮਹੱਤਵਪੂਰਨ ਹੈ। ਚੈੱਕ ਵਰਗੇ ਨੇਗੋਸ਼ਿਏਬਲ ਇੰਸਟਰੂਮੈਂਟਸ ਬਾਰੇ ਸਹੀ ਜਾਣਕਾਰੀ ਵਿਦਿਆਰਥੀਆਂ ਨੂੰ ਆਤਮਨਿਰਭਰ ਤੇ ਜਾਗਰੂਕ ਬਣਾਉਂਦੀ ਹੈ।