ਵਿਦਿਆਰਥਣਾਂ ਫਰਜ਼ ਤੇ ਜ਼ਿੰਮੇਵਾਰੀਆਂ ਸ਼ਿੱਦਤ ਨਾਲ ਨਿਭਾਉਣ : ਡਾ. ਬੇਦੀ
ਵਿਦਿਆਰਥਣਾਂ ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਪੂਰੇ ਦਿਲ ਨਾਲ ਨਿਭਾਉਣ-ਡਾ. ਬੇਦੀ
Publish Date: Fri, 30 Jan 2026 08:34 PM (IST)
Updated Date: Fri, 30 Jan 2026 08:37 PM (IST)

-ਐੱਚਐੱਮਵੀ ਕਾਲਜੀਏਟ ਸਕੂਲ ’ਚ ਅਚੀਵਰਜ਼-ਡੇ ਕਰਵਾਇਆ -ਖਿਡਾਰਨ ਨਵਿਆ ਮਿਲਿਆ ਬੈਸਟ ਪਲੇਅਰ ਆਫ ਦਿ ਈਅਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਨਮਾਨ ਸਮਾਗਮ ‘ਅਚੀਵਰਜ਼-ਡੇ’ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮਕਸਦ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਸੀ ਜਿਨ੍ਹਾਂ ਨੇ ਪੜ੍ਹਾਈ, ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਵਧੀਆ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮੰਗਲ ਜੋਤੀ ਜਗਾ ਕੇ ਤੇ ਡੀਏਵੀ ਗਾਨ ਨਾਲ ਕੀਤੀ ਗਈ। ਮੁੱਖ ਮਹਿਮਾਨ ਪਦਮਸ਼੍ਰੀ ਪ੍ਰੋ. ਡਾ. ਹਰਮੋਹਿੰਦਰ ਸਿੰਘ ਬੇਦੀ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਅਤੇ ਵਿਸ਼ੇਸ਼ ਮਹਿਮਾਨ ਸੁਰਿੰਦਰ ਸੇਠ ਮੈਂਬਰ ਲੋਕਲ ਐਡਵਾਇਜ਼ਰੀ ਕਮੇਟੀ ਤੇ ਕੁਲਦੀਪ ਸਿੰਘ ਬੇਦੀ ਦਾ ਸਵਾਗਤ ਪ੍ਰਿੰਸੀਪਲ ਡਾ. ਏਕਤਾ ਖੋਸਲਾ, ਡਾ. ਸੀਮਾ ਮਰਵਾਹਾ ਡੀਨ ਅਕਾਦਮਿਕ ਤੇ ਸਕੂਲ ਐਡਵਾਈਜ਼ਰ, ਅਰਵਿੰਦਰ ਕੌਰ ਬੇਰੀ ਸਕੂਲ ਕੋਆਰਡੀਨੇਟਰ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਨੂੰ ਆਪਣੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਸਖਤ ਮਿਹਨਤ ਅਤੇ ਅਨੁਸ਼ਾਸਨ ਨਾਲ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਸਾਲਾਨਾ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਸਾਲ ਦੀਆਂ ਸਿਖਿਅਕ ਅਤੇ ਗੈਰ-ਸਿਖਿਅਕ ਉਪਲੱਬਧੀਆਂ, ਕਲਚਰਲ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ। ਮੁੱਖ ਮਹਿਮਾਨ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥਣਾਂ ਨੂੰ ਆਪਣੀ ਛੁਪੀ ਹੋਈ ਸਮਰੱਥਾ ਨੂੰ ਉਜਾਗਰ ਕਰਨ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਨੂੰ ਪੂਰੇ ਦਿਲ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪ੍ਰਿੰਸੀਪਲ ਡਾ. ਖੋਸਲਾ ਨੂੰ ਸ਼ੁਭਕਾਮਨਾ ਦਿੱਤੀ ਕਿ ਭਵਿੱਖ ਵਿੱਚ ਇਹ ਸੰਸਥਾ ਮਿੰਨੀ ਯੂਨੀਵਰਸਿਟੀ ਦੇ ਨਾਂ ਨਾਲ ਜਾਣੀ ਜਾਵੇਗੀ। ਸੁਰਿੰਦਰ ਸੇਠ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥਣਾਂ ਨੂੰ ਕਿਹਾ ਕਿ ਜੀਵਨ ਵਿਚ ਅੱਗੇ ਵਧਣ ਲਈ ਸੱਚ, ਬਹਾਦਰੀ, ਮਿਹਨਤ, ਅਨੁਸ਼ਾਸਨ ਅਤੇ ਉੱਚ ਚਰਿਤਰ ਦਾ ਹੋਣਾ ਬਹੁਤ ਜ਼ਰੂਰੀ ਹੈ। ਮੁੱਖ ਮਹਿਮਾਨ ਤੇ ਹੋਰਨਾਂ ਨੇ ਬੋਰਡ, ਸਕੂਲੀ ਗਤੀਵਿਧੀਆਂ ਅਤੇ ਸਕੂਲ ਦੀਆਂ ਪ੍ਰੀਖਿਆਵਾਂ ਵਿੱਚ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ 136 ਵਿਦਿਆਰਥਣਾਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਟੂਡੈਂਟ ਕੌਂਸਲ ਅਧੀਨ ਹੈੱਡ ਗਰਲ, ਜੁਆਇੰਟ ਹੈੱਡ ਗਰਲ, ਸੀਆਰ ਅਤੇ ਟਾਸਕ ਫੋਰਸ ਦੀਆਂ ਵਿਦਿਆਰਥਣਾਂ ਨੂੰ ਵੀ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਸਟੂਡੈਂਟ ਆਫ ਦਿ ਈਅਰ ਦਾ ਇਨਾਮ ਸਿ੍ਰਸ਼ਟੀ ਕੁਮਾਰ ਨੂੰ ਤੇ ਬੈਸਟ ਪਲੇਅਰ ਆਫ ਦਿ ਈਅਰ ਦਾ ਇਨਾਮ ਨਵਿਆ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਕ ਤੇ ਰੁਪਿੰਦਰ ਕੌਰ ਨੂੰ ਖੇਡਾਂ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਪਰਾਈਡ ਆਫ ਐੱਚਐੱਮਵੀ ਦੇ ਖਿਤਾਬ ਨਾਲ ਸਨਮਾਨਿਆ ਗਿਆ। ਸੰਗੀਤ ਵਿਭਾਗ ਵੱਲੋਂ ਡਾ. ਪ੍ਰੇਮ ਸਾਗਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਲੋਕ ਗੀਤ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਅਤੇ ਮੁਸਕਾਨ ਨੇ ਮਿਮਿਕਰੀ ਪੇਸ਼ ਕੀਤੀ। ਡਾ. ਸੀਮਾ ਮਰਵਾਹਾ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਜੋਤੀ ਗੋਗੀਆ, ਸਮ੍ਰਿਤੀ ਸ਼ਰਮਾ ਤੇ ਰਸ਼ਮੀ ਸੇਠੀ ਵੱਲੋਂ ਕੀਤਾ ਗਿਆ। ਇਸ ਮੌਕੇ ਕਾਲਜੀਏਟ ਸਕੂਲ ਦੇ ਸਾਰੇ ਫੈਕਲਟੀ ਮੈਂਬਰ ਮੌਜੂਦ ਸਨ।