ਸਿੱਖ ਤਾਲਮੇਲ ਕਮੇਟੀ ਨੇ ਕੜੇ ਉਤਰਵਾਉਣ ਦਾ ਕੀਤਾ ਵਿਰੋਧ
ਪ੍ਰੀਖਿਆ ਕੇਂਦਰ ’ਚ ਵਿਦਿਆਰਥੀਆਂ ਦੇ ਉਤਰਵਾਏ ਕੜੇ
Publish Date: Fri, 20 Feb 2026 07:13 PM (IST)
Updated Date: Fri, 20 Feb 2026 07:15 PM (IST)

-ਪ੍ਰਬੰਧਕਾਂ ਨੇ ਮਾਫੀ ਮੰਗ ਕੇ ਛੁਡਾਈ ਜਾਨ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਵਿਦਿਆਲਿਆ ਸੂਰਾਨੁਸੀ ’ਚ ਹੋ ਰਹੀਆਂ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੇ ਕੜੇ ਉਤਰਵਾ ਕੇ ਪ੍ਰੀਖਿਆ ਕੇਂਦਰ ’ਚ ਜਾਣ ਦੀ ਆਗਿਆ ਦੇਣ ਦੀ ਸੂਚਨਾ ਸਿੱਖ ਤਾਲਮੇਲ ਕਮੇਟੀ ਨੂੰ ਮਿਲਣ ’ਤੇ ਮੌਕੇ ’ਤੇ ਪੁੱਜ ਕੇ ਸਖਤ ਵਿਰੋਧ ਕੀਤਾ ਗਿਆ। ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ ਨੇ ਦੱਸਿਆ ਕਿ ਕੇਂਦਰੀ ਵਿਦਿਆਲਿਆ ਸੂਰਾਨੁਸੀ ਜਲੰਧਰ ’ਚ ਬਣੇ ਪ੍ਰੀਖਿਆ ਕੇਂਦਰ ’ਚ ਸੀ ਬੀਐੱਸਈ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਿਥੇ ਪ੍ਰੀਖਿਆ ਦੇ ਰਹੇ ਸਿੱਖ ਵਿਦਿਆਰਥੀਆਂ ਦੇ ਪੰਜ ਕੱਕਾਰਾਂ ਦਾ ਹਿੱਸਾ ਕੜੇ ਉਤਰਵਾ ਦਿੱਤੇ ਗਏ। ਸਿੱਖ ਵਿਦਿਆਰਥੀਆਂ ਤੋਂ ਇਲਾਵਾ ਹਿੰਦੂ ਵਿਦਿਆਰਥੀਆਂ ਦੇ ਵੀ ਕੜੇ ਉਤਰਵਾਏ ਗਏ ਸਨ। ਇਸ ਸਬੰਧੀ ਉਨਾਂ ਵੱਲੋਂ ਸਬੰਧਤ ਸਕੂਲ ਦੇ ਪ੍ਰਿੰਸੀਪਲ, ਪ੍ਰੀਖਿਆਵਾਂ ਦੀ ਸੁਪਰਡੈਂਟ ਤੇ ਹੋਰ ਸਟਾਫ ਨਾਲ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ’ਚ ਗੱਲਬਾਤ ਕੀਤੀ ਤਾਂ ਪ੍ਰਬੰਧਕਾਂ ਵਲੋਂ ਮਾਫੀ ਮੰਗ ਕੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਦਾ ਭਰੋਸਾ ਦੇ ਕੇ ਜਾਨ ਛੁਡਾਈ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸਕੂਲ ਦੀ ਪ੍ਰੀਖਿਆਵਾਂ ਦੀ ਸੁਪਰਡੈਂਟ ਮਨਪ੍ਰੀਤ ਕੌਰ ਤੇ ਪ੍ਰਿੰਸੀਪਲ ਡਾ. ਪਾਲੀ ਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਦਾਇਤਾਂ ਸਨ ਕਿ ਪ੍ਰੀਖਿਆ ਕੇਦਰ ਅੰਦਰ ਮੈਟਲ ਦੀ ਕੋਈ ਵੀ ਵਸਤੂ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜਦੋਂ ਉਨ੍ਹਾਂ ਵੱਲੋਂ ਕੜੇ ਦੀ ਤੇ ਸਿੱਖ ਕੱਕਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਤਾਂ ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਸਮੁੱਚੀ ਕੌਮ ਤੋਂ ਮਾਫੀ ਵੀ ਮੰਗੀ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਤੋਬਾ ਵੀ ਕੀਤੀ। ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ ਨੇ ਜਲੰਧਰ ਦੇ ਸਮੂਹ ਸਕੂਲਾਂ ਨੂੰ ਤਾੜਨਾ ਕੀਤੀ ਕਿ ਜੇ ਕਿਸੇ ਵੀ ਸਕੂਲ ਨੇ ਅਜਿਹੀ ਗਲਤੀ ਕੀਤੀ ਉਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੀ ਕਾਰਵਾਈ ਥਾਣਾ ਇਕ ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਲਿਖਤੀ ਰੂਪ ’ਚ ਕਾਰਵਾਈ। ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਕੇਂਦਰੀ ਵਿਦਿਆਲਿਆ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਜੋ ਬੋਰਡ ਹਿੰਦੀ ’ਚ ਲਿਖੇ ਹੋਏ ਹਨ ਉਸ ਦੇ ਨਾਲ ਪੰਜਾਬੀ ’ਚ ਵੀ ਲਿਖੇ ਜਾਣ ਜਿਸ ’ਤੇ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਹਿੰਦੀ ਦੇ ਨਾਲ ਪੰਜਾਬੀ ’ਚ ਵੀ ਜ਼ਰੂਰ ਲਿਖੇ ਜਾਣਗੇ।