ਸਕੂਲ ਆਫ ਐਮੀਨੈਂਸ ਆਦਮਪੁਰ ਦੇ ਵਿਦਿਆਰਥੀ ਛਾਏ
ਸਕੂਲ ਆਫ ਐਮੀਨੈਂਸ ਆਦਮਪੁਰ ਦੇ ਵਿਦਿਆਰਥੀਆਂ ਨੇ ਰਾਜ ਪੱਧਰ ’ਤੇ ਮਾਰਿਆ ਮੋਹਰ, ਦੂਜਾ ਸਥਾਨ ਹਾਸਲ
Publish Date: Wed, 11 Feb 2026 07:44 PM (IST)
Updated Date: Wed, 11 Feb 2026 07:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਦਮਪੁਰ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ’ਚ ਸਕੂਲ ਆਫ ਐਮੀਨੈਂਸ ਆਦਮਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਉਪਲੱਬਧੀ ਨਾਲ ਸਕੂਲ ਤੇ ਆਦਮਪੁਰ ਹਲਕੇ ਦਾ ਨਾਮ ਰਾਜ ਭਰ ’ਚ ਰੌਸ਼ਨ ਹੋਇਆ ਹੈ। ਇਸ ਮੁਕਾਬਲੇ ’ਚ 11ਵੀਂ ਤੇ 12ਵੀਂ ਸਾਇੰਸ ਕਲਾਸ ਦੇ ਵਿਦਿਆਰਥੀ ਗੁਰਵਿੰਦਰ ਕੌਰ, ਪੰਕਜ, ਮਯੰਕ, ਦਿਲਪ੍ਰੀਤ ਕੌਰ ਤੇ ਜਸਪ੍ਰੀਤ ਨੇ ਸਬ-ਥੀਮ ਗ੍ਰੀਨ ਐਨਰਜੀ ਤੇ ਵੇਸਟ ਮੈਨੇਜਮੈਂਟ ਐਂਡ ਅਲਟਰਨੇਟਿਵ ਟੂ ਪਲਾਸਟਿਕ ਹੇਠ ਆਪਣਾ ਪ੍ਰੋਜੈਕਟ ਪੇਸ਼ ਕਰਕੇ ਜੱਜਾਂ ਤੋਂ ਖੂਬ ਪ੍ਰਸ਼ੰਸਾ ਹਾਸਲ ਕੀਤੀ। ਇਹ ਕਾਮਯਾਬੀ ਪ੍ਰਿੰਸੀਪਲ ਸਟੇਟ ਐਵਾਰਡੀ ਰਾਮ ਆਸਰਾ ਦੀ ਰਹਿਨੁਮਾਈ ਤੇ ਗਾਈਡ ਅਧਿਆਪਕਾਂ ਉਪੇਕਸ਼ਾ (ਫਿਜਿਕਸ ਲੈਕਚਰਾਰ) ਤੇ ਸ਼ਸ਼ੀ ਸੂਦ (ਕੇਮਿਸਟਰੀ ਲੈਕਚਰਾਰ) ਦੀ ਯੋਗ ਮਾਰਗਦਰਸ਼ਨ ਸਦਕਾ ਸੰਭਵ ਹੋਈ। ਸਮੂਹ ਸਟਾਫ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੇ ਮਿਹਨਤ ਤੇ ਲਗਨ ਦਾ ਪ੍ਰਦਰਸ਼ਨ ਕੀਤਾ। ਹੁਣ ਇਹ ਵਿਦਿਆਰਥੀ ਰਾਸ਼ਟਰੀ ਪੱਧਰ ’ਤੇ ਹੋਣ ਵਾਲੀ ਵਿਗਿਆਨ ਪ੍ਰਦਰਸ਼ਨੀ ’ਚ ਹਿੱਸਾ ਲੈਣਗੇ ਤੇ ਪੰਜਾਬ ਦੀ ਨੁਮਾਇੰਦਗੀ ਕਰਨਗੇ, ਜੋ ਸਕੂਲ ਤੇ ਇਲਾਕੇ ਲਈ ਮਾਣ ਦੀ ਗੱਲ ਹੈ।