ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਐਡਵੈਂਚਰ ਕੈਂਪਾਂ ’ਚ ਲਿਆ ਹਿੱਸਾ
ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਯੁਵਕ ਸੇਵਾਵਾਂ ਪੰਜਾਬ ਵੱਲੋਂ ਲਗਾਏ ਐਡਵੈਂਚਰ ਕੈਂਪਾਂ ’ਚ ਲਿਆ ਹਿੱਸਾ
Publish Date: Fri, 03 Apr 2026 06:27 PM (IST)
Updated Date: Fri, 03 Apr 2026 06:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਆਪਣੇ ਵਿਦਿਆਰਥੀਆਂ ਤੇ ਸਟਾਫ ਨੂੰ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਭਰਪੂਰ ਮੌਕੇ ਪ੍ਰਦਾਨ ਕਰਦਾ ਹੈ। ਇਸ ਨੂੰ ਬਰਕਰਾਰ ਰੱਖਦੇ ਹੋਏ, ਕਾਲਜ ਦੇ 38 ਐੱਨਐੱਸਐੱਸ ਵਲੰਟੀਅਰਾਂ ਨੇ ਹਾਈਕਿੰਗ ਤੇ ਟ੍ਰੈਕਿੰਗ ਕੈਂਪਾਂ ’ਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਐੱਨਐੱਸਐੱਸ ਵਲੰਟੀਅਰਾਂ ਨੂੰ ਇਨ੍ਹਾਂ ਐਡਵੈਂਚਰ ਕੈਂਪਾਂ ’ਚ ਸਫਲਤਾਪੂਰਵਕ ਸ਼ਮੂਲੀਅਤ ਲਈ ਵਧਾਈ ਦਿੱਤੀ। ਡਾ. ਸੰਧੂ ਨੇ ਕਿਹਾ ਕਿ ਇਹ ਕੈਂਪ ਇਕਜੁਟਤਾ ਦੀ ਭਾਵਨਾ, ਅਨੁਸ਼ਾਸਨ ਤੇ ਸਵੈ-ਪ੍ਰਬੰਧਨ ਨਾਲ ਸਬੰਧਤ ਹੁਨਰ ਪੈਦਾ ਕਰਦੇ ਹਨ। ਉਨ੍ਹਾਂ ਨੇ ਪੰਜਾਬ ’ਚ ਕੈਂਪ ਸਾਈਟਾਂ ਵਿਕਸਤ ਕਰਕੇ ਰਾਜ ’ਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਕੈਂਪਾਂ ’ਚੋਂ ਇਕ ’ਚ ਕੈਂਪ ਇੰਚਾਰਜ ਵਜੋਂ ਚੁਣੇ ਗਏ ਯੁਵਕ ਸੇਵਾਵਾਂ, ਐੱਲਕੇਸੀ ਦੇ ਕੋਆਰਡੀਨੇਟਰ, ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਰਾਜ ’ਚ ਕੁੱਲ 9 ਕੈਂਪ ਸਾਈਟਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਟ੍ਰੈਕਿੰਗ, ਨੇਵੀਗੇਸ਼ਨ, ਪਹਾੜੀ ਜੀਵਨ, ਜੰਗਲ ਤੇ ਜੰਗਲੀ ਜੀਵਣ ਦਾ ਵਿਲੱਖਣ ਅਨੁਭਵ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਕਾਲਜ ਦੇ 38 ਵਲੰਟੀਅਰ ਹਰੀਕੇ ਪੱਤਣ, ਨਾਰਾ, ਮਿਰਜ਼ਾਪੁਰ, ਪੱਲਨਪੁਰ ਤੇ ਸਿਸਵਾਂ ਵਿਖੇ ਇਨ੍ਹਾਂ 5 ਦਿਨਾਂ ਦੇ ਸਾਹਸੀ ਕੈਂਪਾਂ ’ਚ ਸ਼ਾਮਲ ਹੋਏ ਹਨ ਤੇ ਆਉਣ ਵਾਲੇ ਦਿਨਾਂ ’ਚ 15 ਹੋਰ ਵੀ ਸ਼ਾਮਲ ਹੋਣ ਜਾ ਰਹੇ ਹਨ। ਵਲੰਟੀਅਰਾਂ ਨੇ ਇਨ੍ਹਾਂ ਕੈਂਪਾਂ ਦੌਰਾਨ ਸਿੱਖੀਆਂ ਗਈਆਂ ਕਦਰਾਂ-ਕੀਮਤਾਂ ਜਿਵੇ ਕਿ ਸੀਮਤ ਸਰੋਤਾਂ ’ਚ ਰਹਿਣ, ਕੁਦਰਤੀ ਆਫ਼ਤਾਂ ਤੋਂ ਕਿਵੇਂ ਬਚਣਾ ਹੈ ਤੇ ਲੋੜਵੰਦਾਂ ਦੀ ਸਹਾਇਤਾ ਕਿਵੇਂ ਕਰਨੀ ਹੈ ਬਾਰੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਸਾਰੇ ਵਲੰਟੀਅਰਾਂ ਨੇ ਅਜਿਹੇ ਜੀਵਨ ਸਿਖਲਾਈ ਅਨੁਭਵ ਪ੍ਰਦਾਨ ਕਰਨ ਲਈ ਪ੍ਰਧਾਨ ਕਾਲਜ ਗਵਰਨਿੰਗ ਕੌਂਸਲ, ਪ੍ਰਿੰਸੀਪਲ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦਾ ਧੰਨਵਾਦ ਕੀਤਾ।