ਸ਼ੱਕੀ ਲੈਣ-ਦੇਣ ਤੋਂ ਬਾਅਦ ਦੋ ਵਿਦਿਆਰਥੀਆਂ ਦੇ ਖਾਤੇ ਫ੍ਰੀਜ਼
ਸਾਈਬਰ ਠੱਗਾਂ ਦੇ ਜਾਲ ’ਚ ਫਸ ਰਹੇ ਵਿਦਿਆਰਥੀ, ਸ਼ੱਕੀ ਲੈਣ-ਦੇਣ ਤੋਂ ਬਾਅਦ ਦੋ ਵਿਦਿਆਰਥੀਆਂ ਦੇ ਖਾਤੇ ਫ੍ਰੀਜ਼
Publish Date: Tue, 17 Mar 2026 08:32 PM (IST)
Updated Date: Tue, 17 Mar 2026 08:34 PM (IST)

-ਭੂਮਿਕਾ ਨਾ ਹੋਣ ਦੇ ਬਾਵਜੂਦ 90 ਦਿਨਾਂ ਬਾਅਦ ਹੀ ਖਾਤਾ ਹੋਵੇਗਾ ਚਾਲੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਈਬਰ ਠੱਗੀ ਦਾ ਜਾਲ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੱਕ ਫੈਲ ਰਿਹਾ ਹੈ। ਜਲੰਧਰ ਦੀ ਇਕ ਯੂਨੀਵਰਸਿਟੀ ’ਚ ਬੀਟੈੱਕ ਕਰ ਰਹੇ ਦੋ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਸ਼ੱਕੀ ਲੈਣ-ਦੇਣ ਤੋਂ ਬਾਅਦ ਉਨਾਂ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਵਿਦਿਆਰਥੀ ਸ਼ਿਕਾਇਤ ਲਈ ਸਾਈਬਰ ਸੈੱਲ ਪੁੱਜੇ। ਦੋਵੇਂ ਵਿਦਿਆਰਥੀ ਬਿਹਾਰ ਦੇ ਹਨ ਤੇ ਉਨ੍ਹਾਂ ਤਾਬਕ ਦੋਸਤਾਂ ਨੇ ਉਨ੍ਹਾਂ ਦੇ ਖਾਤਿਆਂ ’ਚ ਕਿਸੇ ਹੋਰ ਖਾਤੇ ਤੋਂ ਕੁਝ ਪੈਸੇ ਪੁਆਏ ਸਨ। ਸਾਈਬਰ ਅਪਰਾਧ ਸ਼ਾਖਾ ਦੇ ਡੀਐੱਸਪੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਕਿਸੇ ਦਾ ਖਾਤਾ ਇੰਝ ਹੀ ਫ੍ਰੀਜ਼ ਨਹੀਂ ਹੁੰਦਾ। ਇਹ ਮਾਮਲੇ ਸਾਈਬਰ ਠੱਗੀ ਦੀ ਪੰਜਵੀਂ ਤੇ ਛੇਵੀਂ ਲੇਅਰ ਨਾਲ ਜੁੜੇ ਹੁੰਦੇ ਹਨ, ਜਿੱਥੇ ਬਹੁਤ ਘੱਟ ਰਕਮ ਦੀ ਲੈਣ-ਦੇਣ ਹੁੰਦੀ ਹੈ। ਇਕ ਵਿਦਿਆਰਥੀ ਦੇ ਖਾਤੇ ’ਚ 1200 ਰੁਪਏ ਤੇ ਦੂਜੇ ਦੇ ਖਾਤੇ ’ਚ 2000 ਰੁਪਏ ਦੀ ਲੈਣ-ਦੇਣ ਹੋਈ। ਵਿਦਿਆਰਥੀਆਂ ਮੁਤਾਬਕ ਉਨ੍ਹਾਂ ਦੇ ਦਿੱਲੀ ਵਾਲੇ ਦੋਸਤਾਂ ਨੇ ਆਪਣੇ ਖਾਤੇ ’ਚ ਸਮੱਸਿਆ ਦੱਸਦਿਆਂ ਕਿਸੇ ਤੀਜੇ ਖਾਤੇ ’ਚੋਂ ਉਨ੍ਹਾਂ ਦੇ ਖਾਤਿਆਂ ’ਚ ਪੈਸੇ ਪੁਆਏ ਸਨ। ਇਸ ਲੈਣ-ਦੇਣ ਤੋਂ ਇਕ ਮਹੀਨੇ ਬਾਅਦ ਖਾਤੇ ਫ੍ਰੀਜ਼ ਹੋ ਗਏ। ਜਦੋਂ ਬੈਂਕ ਸ਼ਾਖਾ ਨਾਲ ਸੰਪਰਕ ਕੀਤਾ ਗਿਆ ਤਾਂ ਉੱਥੋਂ ਪਤਾ ਲੱਗਾ ਕਿ ਸ਼ੱਕੀ ਲੈਣ-ਦੇਣ ਕਾਰਨ ਖਾਤੇ ਫ੍ਰੀਜ਼ ਕੀਤੇ ਗਏ ਹਨ। ਵਿਦਿਆਰਥੀਆਂ ਨੇ ਕਿਹਾ ਕਿ ਉਹ ਪੰਜਾਬ ’ਚ ਪੜ੍ਹਾਈ ਲਈ ਆਏ ਹਨ ਤੇ ਘਰ ਤੋਂ ਆਪਣੇ ਖਾਤਿਆਂ ’ਚ ਪੈਸੇ ਵੀ ਨਹੀਂ ਮੰਗਵਾ ਸਕਦੇ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। --------------------------- ਕਿਉਂ ਹੁੰਦੇ ਹਨ ਬੈਂਕ ਖਾਤੇ ਫ੍ਰੀਜ਼ ਸਾਈਬਰ ਅਪਰਾਧ ਸ਼ਾਖਾ ਦੇ ਡੀਐੱਸਪੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸਾਈਬਰ ਅਪਰਾਧ ਨਾਲ ਜੁੜੇ ਮਾਸਟਰਮਾਈਂਡ ਨੂੰ ਪੈਸਾ ਘੁਮਾਉਣ ਲਈ ‘ਮਿਊਲ ਬੈਂਕ ਖਾਤਿਆਂ’ (ਕਿਰਾਏ ਦੇ ਖਾਤੇ) ਦੀ ਲੋੜ ਹੁੰਦੀ ਹੈ। ਠੱਗੀ ਦਾ ਪੈਸਾ ਪਹਿਲਾਂ ਇਕ ਖਾਤੇ ’ਚ ਜਾਂਦਾ ਹੈ, ਫਿਰ ਉੱਥੋਂ ਵੱਖ-ਵੱਖ ਖਾਤਿਆਂ ’ਚ ਭੇਜਿਆ ਜਾਂਦਾ ਹੈ। ਇਹ ਸਿਲਸਿਲਾ ਪੰਜ ਜਾਂ ਛੇ ਲੇਅਰਾਂ ਤੱਕ ਚੱਲਦਾ ਹੈ। ਕਈ ਖਾਤਿਆਂ ’ਚ ਪੈਸਾ ਟ੍ਰਾਂਸਫਰ ਹੋਣ ਕਾਰਨ ਪੁਲਿਸ ਜਾਂਚ ਨੂੰ ਮਹੀਨੇ ਲੱਗ ਜਾਂਦੇ ਹਨ। ਕਈ ਵਾਰ ਮੁਲਜ਼ਮ ਫੜੇ ਵੀ ਨਹੀਂ ਜਾਂਦੇ ਤੇ ਜਿਨ੍ਹਾਂ ਦੇ ਖਾਤਿਆਂ ਦੀ ਵਰਤੋਂ ਹੁੰਦੀ ਹੈ, ਉਹ ਸਭ ਤੋਂ ਪਹਿਲਾਂ ਜਾਂਚ ’ਚ ਫਸ ਜਾਂਦੇ ਹਨ। ----------------------------- ਨਵੇਂ ਨਿਯਮ ਬਣੇ, ਸ਼ਿਕਾਇਤ ਨਿਵਾਰਨ ਮੋਡੀਊਲ ਤਿਆਰ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸ਼ੱਕੀ ਲੈਣ-ਦੇਣ ਵਾਲੇ ਖਾਤਿਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ। ਜਨਵਰੀ ਤੋਂ ਇਹ ਕਾਰਵਾਈ ਜਾਰੀ ਹੈ। ਜਾਂਚ ’ਚ ਜੇ ਕਿਸੇ ਦੀ ਭੂਮਿਕਾ ਨਾ ਹੋਵੇ ਤਾਂ ਰਾਹਤ ਦੇਣ ਲਈ ਸ਼ਿਕਾਇਤ ਨਿਵਾਰਣ ਮੋਡੀਊਲ ਬਣਾਇਆ ਗਿਆ ਹੈ। ਇਸ ਮੁਤਾਬਕ ਜੇ ਕਿਸੇ ਦੀ ਭੂਮਿਕਾ ਸਾਬਤ ਨਾ ਹੋਵੇ ਤਾਂ ਉਸਦਾ ਫ੍ਰੀਜ਼ ਖਾਤਾ 90 ਦਿਨਾਂ ਬਾਅਦ ਚਾਲੂ ਹੋ ਸਕਦਾ ਹੈ। ਇਸ ਮੋਡੀਊਲ ’ਚ 50 ਹਜ਼ਾਰ ਰੁਪਏ ਤੱਕ ਦੀ ਲੈਣ-ਦੇਣ ਵਾਲੇ ਮਾਮਲੇ ਹੀ ਦੇਖੇ ਜਾਂਦੇ ਹਨ। --------------------------- ਆਪਣੇ ਖਾਤੇ ਦੀ ਗਲਤ ਵਰਤੋਂ ਨਾ ਹੋਣ ਦਿਓ ਜੇ ਕੋਈ ਜਾਣ-ਪਛਾਣ ਵਾਲਾ ਤੁਹਾਨੂੰ ਕਿਸੇ ਤੀਜੇ ਖਾਤੇ ਤੋਂ ਪੈਸੇ ਆਪਣੇ ਖਾਤੇ ’ਚ ਮੰਗਵਾਉਣ ਲਈ ਕਹਿੰਦਾ ਹੈ ਤਾਂ ਇਨਕਾਰ ਕਰ ਦਿਓ। ਸਿਰਫ਼ ਵਿਸ਼ਵਾਸਯੋਗ ਤੇ ਜਾਣ ਪਛਾਣ ਲੋਕਾਂ ਨਾਲ ਹੀ ਬੈਂਕ ਲੈਣ-ਦੇਣ ਕਰੋ। ਅਣਜਾਣ ਖਾਤਿਆਂ ਤੋਂ ਆਇਆ ਪੈਸਾ ਕਿਸੇ ਅਪਰਾਧ ਨਾਲ ਜੁੜਿਆ ਹੋ ਸਕਦਾ ਹੈ।