ਨੰਗਲਸ਼ਾਮਾ ਡੋਗ ਪੋਂਡ ’ਚ ਰੋਜ਼ਾਨਾ 30 ਆਪ੍ਰੇਸ਼ਨ ਹੋ ਰਹੇ, ਕੁੱਤਿਆਂ ਦੀ ਗਿਣਤੀ ਵਧਣਾ ਚਿੰਤਾ ਦਾ ਵਿਸ਼ਾ : ਬਿੱਟੂ
ਨੰਗਲਸ਼ਾਮਾ ਡੋਗ ਪੋਂਡ ਵਿਖੇ ਰੋਜ਼ਾਨਾ 30 ਅਪ੍ਰੇਸ਼ਨ ਹੋ ਰਹੇ ਹਨ, ਕੁੱਤਿਆਂ ਦੀ ਗਿਣਤੀ ਵਧਣਾ ਚਿੰਤਾ ਦਾ ਵਿਸ਼ਾ - ਬਿੱਟੂ
Publish Date: Sun, 22 Feb 2026 08:38 PM (IST)
Updated Date: Sun, 22 Feb 2026 08:39 PM (IST)

- ਆਵਾਰਾ ਕੁੱਤਿਆਂ ਲਈ ਹਾਲੇ ਨਹੀਂ ਬਣੇ ਸ਼ੈਲਟਰ - ਨਿਗਮ ਨੇ ਕੁੱਤਿਆਂ ਦੀ ਢੁਆਈ ਲਈ ਖ਼ਰੀਦੀ ਨਵੀਂ ਗੱਡੀ ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਭਾਵੇਂ ਨੰਗਲ ਸ਼ਾਮਾ ਡਾਗ ਪੋਂਡ ਵਿਖੇ ਰੋਜ਼ਾਨਾ ਲਗਪਗ 30 ਕੁੱਤਿਆਂ ਦੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਕੁੱਤਿਆਂ ਦੀ ਗਿਣਤੀ ’ਚ ਰੋਜ਼ਾਨਾ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਕਤ ਚਿੰਤਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਪਰਗਟ ਕਰਦੇ ਹੋਏ ਕਿਹਾ ਹੈ ਕਿ ਕੁੱਤਿਆਂ ਦੀ ਗਿਣਤੀ ਵਧਣਾ ਸਿਰਫ ਜਲੰਧਰ ਜਾਂ ਪੰਜਾਬ ਦਾ ਵਿਸ਼ਾ ਨਹੀਂ, ਸਗੋਂ ਦੇਸ਼ ਭਰ ’ਚ ਇਨ੍ਹਾਂ ਦੀ ਗਿਣਤੀ ਵੱਧ ਰਹੀ ਹੈ ਤੇ ਰੋਜ਼ਾਨਾ ਹੀ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ’ਚ ਵੀ ਵਾਧਾ ਹੁੰਦਾ ਜਾ ਰਿਹਾ ਹੈ ਜਿਸ ’ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਹੈ ਕਿ ਜਲੰਧਰ ਨਗਰ ਨਿਗਮ ਅਪਣੇ ਵੱਲੋਂ ਕੁੱਤਿਆਂ ਦੀ ਨਸਲ ਤੇ ਕੰਟਰੋਲ ਕਰਨ ਲਈ ਨੰਗਲਸ਼ਾਖਾ ਦੇ ਹਸਪਤਾਲ ’ਚ ਡਾਕਟਰਾਂ ਵੱਲੋਂ ਰੋਜ਼ਾਨਾ 30 ਆਪ੍ਰੇਸ਼ਨ ਕੀਤੇ ਜਾ ਰਹੇ ਹਨ ਤੇ ਮਹੀਨੇ ’ਚ 900 ਤੇ ਸਾਲ ’ਚ 10,800 ਆਪ੍ਰੇਸ਼ਨ ਕੁੱਤਿਆਂ ਦੇ ਹੋ ਰਹੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਨਸਲ ’ਚ ਵਾਧਾ ਜਾਰੀ ਹੈ। ਉਨ੍ਹਾਂ ਕਿਹਾ ਹੈ ਕਿ ਉਕਤ ਡਾਗ ਪੋਂਡ ਦੀ ਇਮਾਰਤ ਦਾ ਖਰੜਾ ਤਿਆਰ ਹੋ ਗਿਆ ਹੈ ਤੇ ਛੇਤੀ ਹੀ ਠੇਕੇਦਾਰ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਜਦੋਂ ਡਾਗ ਪੋਂਡ ਦੀ ਸਮਰਥਾ ਵਧ ਗਈ ਤਾਂ ਕੁੱਤਿਆਂ ਦੇ ਆਪ੍ਰੇਸ਼ਨ 30 ਵੱਧ ਕੇ ਰੋਜ਼ਾਨਾ 60 ਵੀ ਹੋ ਸਕਦੇ ਹਨ। ਐੱਨਜੀਓ ਦਾ ਸਹਿਯੋਗ ਉਨ੍ਹਾਂ ਕਿਹਾ ਕਿ ਕੁੱਤਿਆਂ ਦੀ ਨਸਲ ’ਤੇ ਕੰਟਰੋਲ ਕਰਨ ਲਈ ਐੱਨਜੀਓ ਜਥੇਬੰਦੀਆਂ ਦਾ ਸਹਿਯੋਗ ਜ਼ਰੂਰੀ ਹੈ ਤੇ ਐੱਨਜੀਓ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਨਗਰ ਨਿਗਮ ਨਾਲ ਇਸ ਮਾਮਲੇ ’ਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਲਈ ਸ਼ੈਲਟਰ ਬਣਾਉਣ ’ਤੇ ਜ਼ੋਰ ਦਿੱਤਾ ਹੈ। ਉੁਨ੍ਹਾਂ ਕਿਹਾ ਕਿ ਆਵਾਰਾ ਕੁੱਤਿਆਂ ਨੂੰ ਫੜਨ ਦੀ ਮੁਹਿੰਮ ਨੂੰ ਤੇਜ਼ ਕਰਨ ਲਈ ਨੰਗਲਸ਼ਾਮਾ ਕੁੱਤਿਆਂ ਦੇ ਹਸਪਤਾਲ ਨੂੰ ਨਵੀਂ ਗੱਡੀ ਵੀ ਦਿੱਤੀ ਗਈ ਹੈ।