ਨਿਗਮ ਕਮਿਸ਼ਨਰ ਵੱਲੋਂ ਮੰਗਾਂ ਸਬੰਧੀ ਭਰੋਸਾ ਦੇਣ ’ਤੇ ਹੜਤਾਲ ਮੁਲਤਵੀ
ਕਮਿਸ਼ਨਰ ਵਲੋਂ ਮੰਗਾਂ ਸਬੰਧੀ ਭਰੋਸਾ ਦੇਣ ਤੇ ਸਾਂਝੀ ਯੂੂਨੀਅਨਾਂ ਨੇ ਹੜਤਾਲ ਮੁਲਤਵੀ ਕੀਤੀ
Publish Date: Sat, 21 Mar 2026 06:37 PM (IST)
Updated Date: Sat, 21 Mar 2026 06:40 PM (IST)
-ਰਾਮਨੌਮੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਲਿਆ ਫ਼ੈਸਲਾ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀਆਂ ਵੱਖ ਵੱਖ ਯੂਨੀਅਨਾਂ ਵੱਲੋਂ 23 ਮਾਰਚ ਨੂੰ ਕੀਤੀ ਜਾਣ ਵਾਲੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਬਿਆਨ ’ਚ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਸੰਨੀ ਸਹੋਤਾ ਨੇ ਕਿਹਾ ਹੈ ਕਿ ਯੂਨੀਅਨਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਤੇ ਯੋਗ ਮੰਗਾਂ ਮੰਨੇ ਜਾਣ ਦਾ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਭਰੋਸਾ ਦੇਣ ਦੇ ਬਾਅਦ ਉਕਤ ਹੜਤਾਲ ਮੁਲਤਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਮ ਨੌਮੀ ਦੀ ਸ਼ੋਭਾ ਯਾਤਰਾ ਨੂੰ ਦੇਖਦੇ ਹੋਏ ਉਕਤ ਫੈਸਲਾ ਕੀਤਾ ਗਿਆ। ਫੈਡਰੇਸ਼ਨ ਦੇ ਜਨਰਲ ਸਕੱਤਰ ਸੰਨੀ ਸਹੋਤਾ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ’ਚ ਵੱਖ-ਵੱਖ ਬ੍ਰਾਂਚਾਂ ਦੇ ਸੀਡੀ ਚਾਰਜ ਵਾਪਸ ਲੈਣਾ, ਸਵੱਛ ਭਾਰਤ ਮਿਸ਼ਨ ਅਧੀਨ ਰੱਖੇ 10 ਡਰਾਈਵਰਾਂ ਦੀ ਭਰਤੀ ਸਬੰਧੀ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਅਤੇ ਸਫਾਈ ਸੇਵਕਾਂ ਨੂੰ ਡਰਾਈਵਰ ਲਾਉਣਾ ਸ਼ਾਮਿਲ ਹੈ। ਇਸ ਸਬੰਧੀ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਤੇ ਛੇਤੀ ਹੀ ਵਿਚਾਰ ਕਰਕੇ ਫੈਸਲਾ ਲਿਆ ਜਾਏਗਾ।
---
ਮੇਅਰ ਦੇ ਆਉਣ ’ਤੇ ਮੀਟਿੰਗ ਹੋਵੇਗੀ
ਇਸ ਦੌਰਾਨ ਯੂਨੀਅਨ ਅਤੇ ਕਮਿਸ਼ਨਰ ਵਿਚਕਾਰ ਹੋਈ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਮੇਅਰ ਦੇ ਸ਼ਹਿਰੋਂ ਬਾਹਰ ਹੋਣ ਕਾਰਨ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਤੇ ਉਨ੍ਹਾਂ ਦੇ ਆਉਣ ਮਗਰੋਂ ਤੁਰੰਤ ਮੀਟਿੰਗ ਸੱਦ ਕੇ ਇਸ ’ਤੇ ਫੈਸਲਾ ਲਿਆ ਜਾਏਗਾ। ਵਰਨਣਯੋਗ ਹੈ ਕਿ ਬੀਤੇ ਦਿਨ ਸਾਂਝੀ ਯੂਨੀਅਨਾਂ ਨੇ ਬੀਤੇ ਦਿਨ ਮੀਟਿੰਗ ਕਰਕੇ 23 ਮਾਰਚ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਸ਼ਨਿਚਰਵਾਰ ਨੂੰ ਮੁਲਤਵੀ ਕਰ ਦਿੱਤਾ ਗਿਆ।