- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੜਤਾਲ..........! ਬੱਸਾਂ ਦਾ ਚੱਕਾ ਜਾਮ, ਯਾਤਰੀ ਰਹੇ ਪਰੇਸ਼ਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੌ ਤੋਂ ਵੱਧ ਕਾਂਟ੍ਰੈਕਟ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਯੂਨੀਅਨ ਦੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਨੇਤਾਵਾਂ ਦੀ ਰਿਹਾਈ ਨਾ ਹੋਣ ਕਾਰਨ ਨਾਰਾਜ਼ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੀਆਂ 200 ਤੋਂ ਵੱਧ ਬੱਸਾਂ ਵੀਰਵਾਰ ਨੂੰ ਨਹੀਂ ਚੱਲੀਆਂ। ਸਰਕਾਰੀ ਬੱਸਾਂ ਨਾ ਚੱਲਣ ਕਰਕੇ ਜਿੱਥੇ ਔਰਤਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਮਰਦ ਯਾਤਰੀ ਵੀ ਪਰੇਸ਼ਾਨ ਰਹੇ। ਵੀਰਵਾਰ ਨੂੰ ਹੜਤਾਲ ਕਾਰਨ ਨਿੱਜੀ ਬੱਸਾਂ ਤਾਂ ਚੱਲਦੀਆਂ ਰਹੀਆਂ ਪਰ ਬੱਸ ਅੱਡਾ ਸੁੰਨਸਾਨ ਨਜ਼ਰ ਆਇਆ। ਔਰਤਾਂ ਨੇ ਕਿਹਾ ਕਿ ਸਰਕਾਰੀ ਬੱਸਾਂ ’ਚ ਮੁਫ਼ਤ ਯਾਤਰਾ ਦੀ ਸਹੂਲਤ ਹੁੰਦੀ ਹੈ ਪਰ ਹੁਣ ਪੈਸੇ ਖਰਚ ਕਰਕੇ ਜਾਣਾ ਪਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਚਾਰ ਮੀਟਿੰਗਾਂ ਹੋਣ ਦੇ ਬਾਵਜੂਦ ਯੂਨੀਅਨ ਲੀਡਰਾਂ ਨੂੰ ਰਿਹਾਅ ਨਹੀਂ ਕੀਤਾ ਗਿਆ, ਇਸ ਲਈ ਹੁਣ ਸੰਘਰਸ਼ ਹੀ ਇੱਕੋ ਰਾਹ ਹੈ। ਵੀਰਵਾਰ ਨੂੰ ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਚੱਕਾ ਜਾਮ ਕਾਰਨ ਯਾਤਰੀਆਂ ਨੂੰ ਖਾਸੀ ਪਰੇਸ਼ਾਨੀ ਝੱਲਣੀ ਪਈ। ਔਰਤਾਂ ਨੂੰ ਘੰਟਿਆਂ ਇੰਤਜ਼ਾਰ ਤੋਂ ਬਾਅਦ ਨਿੱਜੀ ਬੱਸਾਂ ਰਾਹੀਂ ਸਫ਼ਰ ਕਰਨਾ ਪਿਆ। ਜਲੰਧਰ ਤੋਂ ਚੱਲਣ ਵਾਲੀਆਂ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੀਆਂ 200 ਤੋਂ ਵੱਧ ਬੱਸਾਂ ਬੰਦ ਰਹੀਆਂ। ਯੂਨੀਅਨ ਆਗੂ ਕਿੱਲੋਮੀਟਰ ਸਕੀਮ ਵਾਲੀਆਂ ਬੱਸਾਂ ਦਾ ਵਿਰੋਧ ਕਰ ਰਹੇ ਹਨ ਤੇ ਨੌਂ ਤੋਂ ਵੱਧ ਕਾਂਟ੍ਰੈਕਟ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਹਨ। ਨਾਲ ਹੀ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਦੱਸ ਯੂਨੀਅਨ ਨੇਤਾਵਾਂ ਦੀ ਰਿਹਾਈ ਲਈ ਵੀ ਵਿਰੋਧ ਜਤਾਇਆ ਜਾ ਰਿਹਾ ਹੈ। ਹੜਤਾਲ ’ਚ ਆਂਗਣਵਾਡੀ ਮੁਲਾਜ਼ਮ ਯੂਨੀਅਨ ਸੀਟੂ, ਜਲ ਸਪਲਾਈ, ਇੰਟਕ ਤੇ ਹੋਰ ਕਈ ਕਰਮਚਾਰੀ ਯੂਨੀਅਨਾਂ ਨੇ ਵੀ ਸਾਥ ਦਿੱਤਾ। ਰੋਡਵੇਜ਼ ਨੇ ਆਪਣੀਆਂ ਮੰਗਾਂ ਲਈ ਦਸੰਬਰ ’ਚ ਪ੍ਰਦਰਸ਼ਨ ਸ਼ੁਰੂ ਕੀਤਾ ਸੀ, ਜਿਸ ਦੌਰਾਨ ਸੰਗਰੂਰ, ਬਰਨਾਲਾ ਤੇ ਪਟਿਆਲਾ ਡਿਪੂ ਨਾਲ ਸਬੰਧਤ 10 ਯੂਨੀਅਨ ਲੀਡਰਾਂ ‘ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਯੂਨੀਅਨ ਲੀਡਰਾਂ ਦੀ ਰਿਹਾਈ ਲਈ ਕਰਮਚਾਰੀ ਸੰਗਠਨਾਂ ਨੇ ਵਿਰੋਧ ਕੀਤਾ ਤਾਂ ਟਰਾਂਸਪੋਰਟ ਮੰਤਰੀ ਨੇ ਰਿਹਾਈ ਤੇ ਕੇਸ ਖਤਮ ਕਰਨ ਦਾ ਭਰੋਸਾ ਦਿੱਤਾ ਸੀ ਪਰ ਮੰਤਰੀ ਦੇ ਭਰੋਸੇ ਦੇ ਬਾਵਜੂਦ ਯੂਨੀਅਨ ਲੀਡਰਾਂ ਦੀ ਰਿਹਾਈ ਨਹੀਂ ਹੋਈ।
-----------------------
ਮੁਫ਼ਤ ਬੱਸ ਸੇਵਾ ਕਿਹੜੇ ਕੰਮ ਦੀ
ਸਰਕਾਰੀ ਬੱਸ ਸੇਵਾ ਔਰਤਾਂ ਨੂੰ ਮਿਲੀ ਹੋਈ ਹੈ ਪਰ ਹਰ ਦੂਜੇ ਦਿਨ ਹੜਤਾਲ ਰਹਿੰਦੀ ਹੈ। ਬੁਜ਼ੁਰਗ ਔਰਤਾਂ ਨੂੰ ਖਾਸ ਤੌਰ ’ਤੇ ਦਿੱਕਤ ਹੁੰਦੀ ਹੈ। ਜੇ ਕੋਈ ਸਮੱਸਿਆ ਹੈ ਤਾਂ ਉਸਦਾ ਹੱਲ ਹੋਣਾ ਚਾਹੀਦਾ ਹੈ। ਬੱਸ ਅੱਡੇ ’ਤੇ ਆ ਕੇ ਪਤਾ ਲੱਗਦਾ ਹੈ ਕਿ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਇਕ ਘੰਟੇ ਤੋਂ ਇੰਤਜ਼ਾਰ ਕਰ ਰਹੀ ਹਾਂ, ਹੁਣ ਪ੍ਰਾਈਵੇਟ ਬੱਸ ਰਾਹੀਂ ਜਾਣਾ ਪਵੇਗਾ।
-ਜਸਵਿੰਦਰ ਕੌਰ, ਨਿਵਾਸੀ ਜਲੰਧਰ
-------------------------
ਕਿਰਾਏ ਲਈ ਪੈਸੇ ਨਹੀਂ
ਅੰਮ੍ਰਿਤਸਰ ਜਾਣਾ ਹੈ ਪਰ ਕਿਰਾਏ ਲਈ ਪੈਸੇ ਨਹੀਂ ਹਨ। ਪਤਾ ਨਹੀਂ ਸੀ ਕਿ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਦੋ ਘੰਟਿਆਂ ਤੋਂ ਇੰਤਜ਼ਾਰ ਕਰ ਰਹੀ ਹਾਂ। ਕੋਈ ਸੂਚਨਾ ਵੀ ਨਹੀਂ ਮਿਲੀ। ਪ੍ਰਾਈਵੇਟ ਬੱਸ ਵਾਲੇ ਕਹਿ ਰਹੇ ਹਨ ਕਿ ਅੱਜ ਸਰਕਾਰੀ ਬੱਸ ਨਹੀਂ ਆਏਗੀ, ਪਰ ਮੇਰੇ ਕੋਲ ਕਿਰਾਏ ਦੇ ਪੈਸੇ ਨਹੀਂ ਹਨ। ਹੁਣ ਕੀ ਕਰੀਏ, ਸ਼ਾਇਦ ਘਰ ਵਾਪਸ ਜਾਣਾ ਪਵੇ।
-ਤੇਜ ਕੌਰ, ਨਿਵਾਸੀ ਜਲੰਧਰ
-----------------------
ਸਮੱਸਿਆ ਦਾ ਹੱਲ ਹੋਵੇ
ਕਰਮਚਾਰੀਆਂ ਦੀ ਕੀ ਸਮੱਸਿਆ ਹੈ, ਆਮ ਲੋਕਾਂ ਨੂੰ ਨਹੀਂ ਪਤਾ ਪਰ ਜਦੋਂ ਬੱਸਾਂ ਹੜਤਾਲ ’ਤੇ ਜਾਂਦੀਆਂ ਹਨ ਤਾਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਮਰਦਰਾਜ਼ ਔਰਤਾਂ ਨੂੰ ਵੱਧ ਮੁਸ਼ਕਲ ਆਉਂਦੀ ਹੈ। ਸਮੱਸਿਆ ਦਾ ਹੱਲ ਲਾਜ਼ਮੀ ਹੈ। ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਹੁਣ ਘਰ ਜਾਣ ਲਈ ਪ੍ਰਾਈਵੇਟ ਬੱਸ ਲੈਣੀ ਪਵੇਗੀ।
-ਸੁਖਦੇਵ ਕੌਰ
----------------------
ਔਰਤਾਂ ਨਾਲ ਮਰਦ ਵੀ ਪਰੇਸ਼ਾਨ
ਪਰਿਵਾਰ ਦੀਆਂ ਔਰਤਾਂ ਨਾਲ ਅੰਮ੍ਰਿਤਸਰ ਜਾਣਾ ਸੀ। ਇਕ ਘੰਟੇ ਤੋਂ ਬੱਸ ਦਾ ਇੰਤਜ਼ਾਰ ਕਰ ਰਹੇ ਹਾਂ। ਹੁਣ ਪਤਾ ਲੱਗਾ ਕਿ ਸਰਕਾਰੀ ਬੱਸਾਂ ਦੀ ਹੜਤਾਲ ਹੈ। ਪਰਿਵਾਰ ਦੀਆਂ ਤਿੰਨ ਮਹਿਲਾਵਾਂ ਨਾਲ ਹਨ। ਮੁਫ਼ਤ ਸਫ਼ਰ ਦੀ ਸਹੂਲਤ ਕਰਕੇ ਇਕ ਦਿਨ ਪਹਿਲਾਂ ਜਲੰਧਰ ਆਏ ਸੀ ਪਰ ਵੀਰਵਾਰ ਦੀ ਹੜਤਾਲ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-ਹਰਭਜਨ ਸਿੰਘ
-----------------------
ਜਲੰਧਰ ’ਚ ਕਰਮਚਾਰੀ ਨੇਤਾ ਨਜ਼ਰਬੰਦ
ਦੇਸ਼-ਵਿਆਪੀ ਸੰਘਰਸ਼ ਤੇ ਮੁੱਖ ਮੰਤਰੀ ਦੇ ਜਲੰਧਰ ’ਚ ਜਨ ਸੰਵਾਦ ਪ੍ਰੋਗਰਾਮ ਦੌਰਾਨ ਕਰਮਚਾਰੀ ਨੇਤਾ ਨਜ਼ਰਬੰਦ ਰਹੇ। ਸੀਪੀਐੱਫ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਬੁੱਧਵਾਰ ਰਾਤ ਤੋਂ ਹੀ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਰਮਚਾਰੀ ਆਪਣੇ ਹੱਕ ਲਈ ਸੰਘਰਸ਼ ਕਰ ਰਹੇ ਹਨ ਤੇ ਕਰਮਚਾਰੀ ਨੇਤਾਵਾਂ ਨੂੰ ਘਰਾਂ ’ਚ ਹੀ ਨਜ਼ਰਬੰਦ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸੀਪੀਐੱਫ ਕਰਮਚਾਰੀ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਸੰਗਤ ਰਾਮ ਨੂੰ ਵੀ ਕਪੂਰਥਲਾ ਜ਼ਿਲ੍ਹੇ ’ਚ ਨਜ਼ਰਬੰਦ ਕੀਤਾ ਗਿਆ।