ਬੇਅਦਬੀਆਂ ਰੋਕਣ ਲਈ ਸਖ਼ਤ ਹੋਣ ਪ੍ਰਬੰਧ : ਭਾਈ ਖੋਸੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਲਈ ਪ੍ਰਬੰਧ ਹੋਣ ਸਖ਼ਤ-ਭਾਈ ਸੁਖਜੀਤ ਸਿੰਘ ਖੋਸੇ
Publish Date: Thu, 12 Mar 2026 07:26 PM (IST)
Updated Date: Thu, 12 Mar 2026 07:30 PM (IST)
--ਐੱਸਐੱਸਪੀ ਜਲੰਧਰ ਨੂੰ ਦਿੱਤਾ ਮੰਗ ਪੱਤਰ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸਿੱਖ ਕੌਮ ਦੇ ਸਰਬਉੱਚ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੱਖ-ਵੱਖ ਥਾਵਾਂ ’ਤੇ ਵਾਰ-ਵਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਤੇ ਸਮਾਜ ਸੇਵੀ ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਇਹ ਘਟਨਾਵਾਂ ਸਿਰਫ਼ ਸਿੱਖ ਕੌਮ ਲਈ ਹੀ ਨਹੀਂ ਸਗੋਂ ਸਮੂਹ ਇਨਸਾਨੀਅਤ ਲਈ ਵੀ ਬਹੁਤ ਦੁਖਦਾਈ ਤੇ ਚਿੰਤਾਜਨਕ ਹਨ। ਭਾਈ ਖੋਸੇ ਇਸ ਸਬੰਧੀ ਅੱਜ ਐੱਸਐੱਸਪੀ ਜਲੰਧਰ ਨੂੰ ਮਿਲੇ ਤੇ ਬੇਅਦਬੀਆ ਨੂੰ ਰੋਕਣ ਲਈ ਮੰਗ ਪੱਤਰ ਦਿੱਤਾ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਭਰੋਸਾ ਦੁਆਇਆ ਕਿ ਆਉਣ ਵਾਲੇ ਸਮੇਂ ’ਚ ਲੋਕਾਂ ਨਾਲ ਮੀਟਿੰਗਾਂ ਕਰਕੇ ਸਖ਼ਤੀ ਨਾਲ ਕਾਨੂੰਨ ਨੂੰ ਲਾਗੂ ਕੀਤਾ ਜਾਵੇਗਾ। ਭਾਈ ਖੋਸੇ ਨੇ ਅੱਗੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਇਹ ਮੰਦਭਾਗੀਆਂ ਘਟਨਾਵਾਂ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕੀ ਢਾਂਚੇ ਦੀ ਅਣਗਹਿਲੀ ਨੂੰ ਵੀ ਦਰਸਾਉਂਦੀਆਂ ਹਨ। ਕਈ ਮਾਮਲਿਆਂ ’ਚ ਵੇਖਿਆ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ ’ਚ ਪੱਕੀ ਨਿਗਰਾਨੀ ਤੇ ਜ਼ਿੰਮੇਵਾਰ ਸੇਵਾਦਾਰਾਂ ਦੀ ਘਾਟ ਕਾਰਨ ਅਜਿਹੀਆਂ ਘਟਨਾਵਾਂ ਨੂੰ ਮੌਕਾ ਮਿਲ ਜਾਂਦਾ ਹੈ।
ਭਾਈ ਖੋਸੇ ਨੇ ਕਿਹਾ ਕਿ ਜੇ ਗੁਰੂ ਘਰਾਂ ’ਚ ਪੱਕੇ ਤੌਰ ’ਤੇ ਸੇਵਾਦਾਰ ਜਾਂ ਪਹਿਰੇਦਾਰ ਤਾਇਨਾਤ ਕੀਤੇ ਜਾਣ ਤੇ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਇਸ ਤਰ੍ਹਾ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਕਿਤੇ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਤੇ ਸਿੱਖ ਜਥੇਬੰਦੀਆਂ ਵਿਚਾਲੇ ਤਣਾਅ ਵਾਲਾ ਮਾਹੌਲ ਬਣ ਜਾਂਦਾ ਹੈ, ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਜਦਕਿ ਅਸਲ ਮੁਲਜ਼ਮ ਅਕਸਰ ਭੀੜ ’ਚੋਂ ਤਮਾਸ਼ਬੀਨ ਬਣ ਕੇ ਮਾਮਲੇ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਗੁਰੂ ਘਰਾਂ ਦੀ ਸੁਰੱਖਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਯਕੀਨੀ ਬਣਾਉਣ ਲਈ ਸਖ਼ਤ ਤੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲੋੜੀਂਦੇ ਕਦਮ ਚੁੱਕੇ ਜਾਣ।