ਕਿਸ਼ਨਪੁਰਾ ’ਚ ਅਵਾਰਾ ਕੁੱਤਿਆਂ ਨੇ ਔਰਤ ’ਤੇ ਕੀਤਾ ਹਮਲਾ
ਕਿਸ਼ਨਪੁਰਾ ’ਚ ਅਵਾਰਾ ਕੁੱਤਿਆਂ ਨੇ ਔਰਤ 'ਤੇ ਕੀਤਾ ਹਮਲਾ ਕੀਤਾ
Publish Date: Sat, 03 Jan 2026 10:31 PM (IST)
Updated Date: Sat, 03 Jan 2026 10:32 PM (IST)

-ਕੁੱਤੇ ਦੇ ਵੱਢਣ ਨਾਲ ਲੱਤ ’ਤੇ ਹੋਏ ਡੂੰਘੇ ਜ਼ਖ਼ਮ, ਲੱਗੇ ਟਾਂਕੇ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕਿਸ਼ਨਪੁਰਾ ਇਲਾਕੇ ’ਚ ਅਵਾਰਾ ਕੁੱਤਿਆਂ ਦਾ ਕਹਿਰ ਵਾਰ ਫਿਰ ਸਾਹਮਣੇ ਆਇਆ ਹੈ। ਡਾਕਘਰ ਵਾਲੀ ਗਲੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਗਲੀ ਦੇ ਕੁੱਤੇ ਨੇ ਅਚਾਨਕ ਸੜਕ ’ਤੇ ਪੈਦਲ ਜਾ ਰਹੀ ਔਰਤ ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਉਸ ਦੀ ਲੱਤ ’ਤੇ ਬੁਰੀ ਤਰ੍ਹਾ ਵੱਢਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਚਸ਼ਮਦੀਦਾਂ ਅਨੁਸਾਰ, ਘਟਨਾ ਸਮੇਂ ਗਲੀ ਵਿਚ ਬਹੁਤ ਸਾਰੇ ਲੋਕ ਮੌਜੂਦ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਔਰਤ ਨੂੰ ਕੁੱਤੇ ਦੇ ਚੁੰਗਲ ਤੋਂ ਬਚਾਉਣ ਲਈ ਅੱਗੇ ਨਹੀਂ ਆਇਆ। ਲੋਕ ਦੇਖਦੇ ਰਹੇ ਜਦੋਂ ਕਿ ਔਰਤ ਦਰਦ ਨਾਲ ਚੀਕਦੀ ਰਹੀ ਸੀ। ਇਸ ਦੌਰਾਨ ਔਰਤ ਨੇ ਹਿੰਮਤ ਦਿਖਾਈ ਤੇ ਕੁੱਤੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਤੇ ਕਿਸੇ ਤਰ੍ਹਾਂ ਆਪਣੇ-ਆਪ ਨੂੰ ਛੁਡਾਉਣ ਵਿਚ ਕਾਮਯਾਬ ਹੋ ਗਈ। ਜ਼ਖਮੀ ਔਰਤ ਨੇ ਤੁਰੰਤ ਆਪਣੇ ਭਰਾ ਨੂੰ ਫ਼ੋਨ ਕੀਤਾ ਤੇ ਘਟਨਾ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਦਿਆਂ ਹੀ ਭਰਾ ਮੌਕੇ ’ਤੇ ਪੁੱਜਾ ਤੇ ਆਪਣੀ ਭੈਣ, ਜੋ ਕਿ ਖੂਨ ਨਾਲ ਲੱਥਪੱਥ ਸੀ, ਨੂੰ ਸਿਵਲ ਹਸਪਤਾਲ ਲੈ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਔਰਤ ਦੇ ਪੈਰ ਤੇ ਡੂੰਘੇ ਜ਼ਖ਼ਮ ਸਨ। ਮੁੱਢਲੀ ਸਹਾਇਤਾ ਤੋਂ ਬਾਅਦ ਔਰਤ ਦੇ ਜ਼ਖ਼ਮਾਂ ਤੇ ਟਾਂਕੇ ਲਗਾਏ ਗਏ ਤੇ ਉਸਨੂੰ ਐਂਟੀ-ਰੇਬੀਜ਼ ਟੀਕਾ ਲਾਇਆ ਗਿਆ। ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਘਟਨਾ ਨਾਲ ਇਲਾਕੇ ਦੇ ਵਸਨੀਕਾਂ ਵਿੱਚ ਵਿਆਪਕ ਰੋਸ ਫੈਲ ਗਿਆ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਕਿਸ਼ਨਪੁਰਾ ਇਲਾਕੇ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਲੰਬੇ ਸਮੇਂ ਤੋਂ ਵੱਧ ਰਹੀ ਹੈ ਪਰ ਨਗਰ ਨਿਗਮ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ। ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਜ਼ਖਮੀ ਔਰਤ ਦੇ ਭਰਾ ਨੇ ਜਲੰਧਰ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਨੂੰ ਫੜਨ, ਨਸਬੰਦੀ ਕਰਨ ਤੇ ਟੀਕਾਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ। ਪ੍ਰਸ਼ਾਸਨ ਜਨਤਕ ਚੌਕਸੀ ਨੂੰ ਯਕੀਨੀ ਬਣਾਉਣ ਲਈ ਸੰਵੇਦਨਸ਼ੀਲ ਖੇਤਰਾਂ ਵਿੱਚ ਗਸ਼ਤ ਵਧਾਏ ਤੇ ਚਿਤਾਵਨੀ ਦੇ ਚਿੰਨ੍ਹ ਲਾਏ।