ਸੇਵਾ ਕੇਂਦਰਾਂ ’ਚ ਭਰਤੀ ਲਈ ਅੱਜ ਲੱਗੇਗਾ ਸੂਬਾ ਪੱਧਰੀ ਨੌਕਰੀ ਮੇਲਾ
ਪੰਜਾਬ ਭਰ ਦੇ ਸੇਵਾ ਕੇਂਦਰਾਂ ’ਚ ਭਰਤੀ ਲਈ 9 ਫਰਵਰੀ ਨੂੰ ਲੱਗੇਗਾ ਸੂਬਾ ਪੱਧਰੀ ਨੌਕਰੀ ਮੇਲਾ
Publish Date: Sun, 08 Feb 2026 06:26 PM (IST)
Updated Date: Sun, 08 Feb 2026 06:29 PM (IST)
ਕਿਸ਼ਨਗੜ੍ਹ : ਪੰਜਾਬ ਸਰਕਾਰ ਵੱਲੋਂ ਬਾਰ੍ਹਵੀਂ ਪਾਸ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਸਰਕਾਰੀ ਸੇਵਾਵਾਂ ਨੂੰ ਆਮ ਲੋਕਾਂ ਤਕ ਸੁਚੱਜੇ ਢੰਗ ਨਾਲ ਪਹੁੰਚਾਉਣ ਲਈ ਚਲਾਏ ਜਾ ਰਹੇ ਸੇਵਾ ਕੇਂਦਰਾਂ ’ਚ ਭਰਤੀ ਲਈ 9 ਫਰਵਰੀ ਨੂੰ ਸੂਬਾ ਪੱਧਰੀ ‘ਨੌਕਰੀ ਮੇਲਾ’ ਲਾਇਆ ਜਾ ਰਿਹਾ ਹੈ।ਚੰਡੀਗੜ੍ਹ ਤੋਂ ਇਸ ਪ੍ਰਾਜੈਕਟ ਦੇ ਹੈੱਡ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਹ ਨੌਕਰੀ ਮੇਲਾ 9 ਫਰਵਰੀ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 3:30 ਵਜੇ ਤਕ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ’ਚ ਸਥਿਤ ਮੁੱਖ ਸੇਵਾ ਕੇਂਦਰਾਂ ’ਚ ਲਗਾਇਆ ਜਾਵੇਗਾ। ਇਸ ਦੌਰਾਨ ਕੇਵਾਈਸੀ ਆਪ੍ਰੇਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕੀਤੇ ਜਾ ਰਹੇ ਹਨ ਤੇ ਕੰਪਿਊਟਰ ਦੀ ਬੁਨਿਆਦੀ ਜਾਣਕਾਰੀ ਰੱਖਣ ਵਾਲੇ ਬਾਰ੍ਹਵੀਂ ਪਾਸ ਨੌਜਵਾਨਾਂ ਲਈ ਇਹ ਇਕ ਸੁਨਹਿਰੀ ਮੌਕਾ ਹੈ। ਚਾਹਵਾਨ ਉਮੀਦਵਾਰ ਆਪਣੀ ਸਿੱਖਿਆ ਸਬੰਧੀ ਯੋਗਤਾ ਤੇ ਰਿਹਾਇਸ਼ੀ ਪਛਾਣ ਪੱਤਰ ਸਮੇਤ ਇੰਟਰਵਿਊ ਲਈ ਆਪਣੇ ਜ਼ਿਲ੍ਹੇ ਦੇ ਡੀਸੀ ਕੰਪਲੈਕਸ ’ਚ ਸਥਿਤ ਸੇਵਾ ਕੇਂਦਰ ’ਚ ਹਾਜ਼ਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨੌਕਰੀ ਮੇਲੇ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।