ਕਾਲੇ ਕਾਨੂੰਨ ਦੇ ਵਿਰੋਧ

ਕਾਲੇ ਕਾਨੂੰਨ ਦੇ ਵਿਰੋਧ ’ਚ ਪੂਰੇ ਤਾਮਿਲਨਾਡੂ ’ਚ ਫਹਿਰਾਏ ਕਾਲੇ ਝੰਡੇ
ਹੱਦਬੰਦੀ ਕੇਂਦਰ ਸਰਕਾਰ ਦੇ ਹੱਥ ’ਚ ਇਕ ਹਥਿਆਰ : ਡਿਪਟੀ ਸੀਐੱਮ
ਚੇਨਈ (ਪੀਟੀਆਈ) : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਸੰਸਦ ’ਚ ਪੇਸ਼ ਹੱਦਬੰਦੀ ਬਿੱਲ ਦੀ ਇਕ ਕਾਪੂ ਸਾੜ ਕੇ ਇਸ ਨੂੰ ਕਾਲਾ ਕਾਨੂੰਨ ਕਰਾਰ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਤਾਮਿਲ ਲੋਕਾਂ ਨੂੰ ਆਪਣੀ ਹੀ ਜ਼ਮੀਨ ’ਤੇ ਸ਼ਰਨਾਰਥੀ ਬਣਾਉਣ ਦੀ ਕੋਸ਼ਿਸ਼ ਹੈ। ਸਟਾਲਿਨ ਵੱਲੋਂ ਬਿੱਲ ਦੀ ਕਾਪੀ ਸਾੜਨ ਤੋਂ ਬਾਅਦ ਪੂਰੇ ਸੂਬੇ ’ਚ ਵੱਡੇ ਡੀਐੱਮਕੇ ਨੇਤਾ, ਅਹੁਦੇਦਾਰ ਤੇ ਚੁਣੇ ਹੋਏ ਪ੍ਰਤੀਨਿਧੀ ਆਪਣੇ-ਆਪਣੇ ਖੇਤਰਾਂ ’ਚ ਇਸ ਬਿੱਲ ਦੀਆਂ ਕਾਪੀਆਂ ਸਾੜਨ ਲੱਗੇ।
ਸੰਸਦ ਦਾ ਵਿਸ਼ੇਸ਼ ਅਜਲਾਸ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਵੀਰਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਇਕ ਕਾਲੇ ਝੰਡੇ ਨੂੰ ਫਹਿਰਾਇਆ ਤੇ ਕੇਂਦਰ ਸਰਕਾਰ ਵੱਲੋਂ ਜਾਰੀ ਹੱਦਬੰਦੀ ਬਿੱਲ ਦੀ ਕਾਪੀ ਸਾੜ ਕੇ ਇਸ ਕਦਮ ਦੀ ਨਿੰਦਾ ਕਰਦੇ ਹੋਏ ਨਾਅਰੇ ਲਗਾਏ। ਸੀਐੱਮ ਨੇ ਪੱਛਮੀ ਤਾਮਿਲਨਾਡੂ ਦੇ ਨਮੱਕਲ ’ਚ ਚੋਣ ਪ੍ਰਚਾਰ ਦੌਰਾਨ ਇਸ ਬਿੱਲ ਦੀ ਕਾਪੀ ਸਾੜੀ। ਸਟਾਲਿਨ ਨੇ ‘ਪੋਰਾਦਵੋਮ, ਵੇਲਵੋਮ ਆਨਦ੍ਰਾਗਾ’ (ਆਓ ਅਸੀਂ ਸੰਘਰਸ਼ ਕਰੀਏ, ਇਕੱਠੇ ਜਿੱਤੀਏ) ਦੇ ਨਾਅਰੇ ਲਗਾਏ। ਇਹ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਾਲੇ ਕੱਪੜੇ ਪਹਿਨੇ ਹੋਰ ਲੋਕਾਂ ਦੇ ਲਗਾਏ ਗਏ ਨਾਅਰਿਆਂ ’ਚੋਂ ਇਕ ਸੀ। ਜਿਵੇਂ ਹੀ ਸਟਾਲਿਨ ਨੇ ਕਾਲਾ ਝੰਡਾ ਫਹਿਰਾਇਆ, ਉਨ੍ਹਾਂ ਦੇ ਪਾਰਟੀ ਅਹੁਦੇਦਾਰਾਂ, ਮੰਤਰੀ ਤੇ ਕਾਰਕੁੰਨਾਂ ਨੇ ਆਪਣੇ-ਆਪਣੇ ਘਰਾਂ, ਪਾਰਟੀ ਦਫਤਰਾਂ ਤੇ ਜਨਤਕ ਸਥਾਨਾਂ ’ਤੇ ਕਾਲੇ ਝੰਡੇ ਫਹਿਰਾਏ। ਮੁੱਖ ਮੰਤਰੀ ਦੇ ਨਿਵਾਸ ’ਤੇ ਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਦੇ ਘਰਾਂ ’ਤੇ ਵੀ ਕਾਲੇ ਝੰਡੇ ਫਹਿਰਾਏ ਗਏ। ਉੱਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਮੁਦਰੈ ’ਚ ਇਕ ਕਾਪੀ ਸਾੜੀ। ਉਨ੍ਹਾਂ ਕਿਹਾ ਕਿ ਹੱਦਬੰਦੀ ਕੇਂਦਰ ਦੇ ਹੱਥ ’ਚ ਇਕ ਹਥਿਆਰ ਹੈ। ਇਸ ਦਾ ਇਸਤੇਮਾਲ ਸੂਬੇ ਦੇ ਸਿਆਸੀ ਪ੍ਰਤੀਨਿਧੀਤਵ ਨੂੰ ਘੱਟ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੱਦਬੰਦੀ ਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਇਹ ਆਬਾਦੀ ਦੇ ਆਧਾਰ ’ਤੇ ਕੀਤਾ ਜਾਵੇਗਾ, ਜਿਸ ਨਾਲ ਸੂਬੇ ’ਚ ਲੋਕ ਸਭਾ ਸੀਟਾਂ ਘੱਟ ਹੋਣਗੀਆਂ। ਚੇਪੌਕ-ਥਿਰੂਵੱਲੀਕੇਨੀ ਵਿਧਾਨ ਸਭਾ ਖੇਤਰ ਤੋਂ ਚੋਣ ਲੜ ਰਹੇ ਉਦੈਨਿਧੀ ਤੇ ਡੀਐੱਮਕੇ ਦੇ ਹੋਰ ਉਮੀਦਵਾਰਾਂ ਨੇ 23 ਅਪ੍ਰੈਲ ਨੂੰ ਹੋਣ ਵਾਲੀ ਵਿਧਾਨ ਸਭਾ ਚੋਣ ਲਈ ਪ੍ਰਚਾਰ ਕਰਦੇ ਹੋਏ ਕਾਲੇ ਕੱਪੜੇ ਪਹਿਨੇ ਤਾਂ ਕਿ ਕੇਂਦਰ ਦੇ ਕਥਿਤ ਕਦਮ ਵਿਰੁੱਧ ਆਪਣਾ ਵਿਰੋਧ ਦਿਖਾ ਸਕਨ। ਡੀਐੱਮਕੇ ਹੈੱਡਕੁਆਰਟਰ ‘ਅੰਨਾ ਅਰਿਵਾਲਯਮ’ ਤੋਂ ਇਲਾਵਾ ਚੇਨਈ ’ਚ ਕਮਲ ਹਾਸਨ ਦੀ ਮਕੱਲ ਨੀਡੀ ਮਾਈਮ ਤੇ ਵਾਈਕੋ ਦੀ ਅਗਵਾਈ ਵਾਲੇ ਐੱਮਡੀਐੱਮਕੇ ਦੇ ਮੁੱਖ ਸਥਾਨਾਂ ’ਤੇ ਵੀ ਕਾਲੇ ਝੰਡੇ ਫਹਿਰਾਏ ਗਏ। ਕਾਲੇ ਝੰਡੇ ਮਰਹੂਮ ਐੱਮ ਕਰੁਨਾਨਿਧੀ ਜੇ ਚੇਨਈ-ਗੋਪਾਲਾਪੁਰਮ ਰਿਹਾਇਸ਼ ’ਤੇ ਵੀ ਦੇਖੇ ਗਏ। ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਸੇਲਵਾਪੇਰੂਧੰਗਾਈ ਨੇ ਸਲੇਮ ’ਚ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ। ਭਾਕਪਾ-ਮਾਕਪਾ ਨੇ ਵੀ ਕਾਲੇ ਝੰਡੇ ਫਹਿਰਾਏ। ਉੱਧਰ ਡੀਐੱਮਕੇ ਉਮੀਦਵਾਰ ਆਰ ਗਾਂਧੀ ਨੇ ਆਪਣੇ ਨਿਵਾਸ ਦੇ ਸਾਹਮਣੇ ਕਾਲਾ ਝੰਡਾ ਫਹਿਰਾ ਕੇ ਪ੍ਰਦਰਸ਼ਨ ਕੀਤਾ।