ਸ੍ਰੀ ਗੁਰੂ ਤੇਗ ਬਹਾਦੁਰ ਹਾਕੀ ਟੂਰਨਾਮੈਂਟ ਸਮਾਪਤ
ਸ੍ਰੀ ਗੁਰੁ ਤੇਗ ਬਹਾਦੁਰ ਹਾਕੀ ਟੂਰਨਾਮੈਂਟ ਬਾਬਾ ਬਕਾਲਾ
Publish Date: Mon, 16 Feb 2026 07:10 PM (IST)
Updated Date: Mon, 16 Feb 2026 07:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੁ ਤੇਗ ਬਹਾਦੁਰ ਆਲ ਓਪਨ ਹਾਕੀ ਟੂਰਨਾਮੈਂਟ ਬਾਬਾ ਬਕਾਲਾ ਵਿਖੇ ਸੰਪੰਨ ਹੋਇਆ। ਇਸ ਟੂਰਨਾਮੈਂਟ ਵਿਚ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਟੀਮ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਫਾਈਨਲ ’ਚ ਸੀਆਰਪੀਐੱਫ ਦਿੱਲੀ ਦੀ ਟੀਮ ਹੱਥੋਂ ਪੈਨਲਟੀ ਸ਼ੂਟ ਆਊਟ ਰਾਹੀਂ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਰਧਾਰਤ ਸਮੇਂ ’ਚ ਦੋਵੇਂ ਟੀਮਾਂ 0-0 ਦੀ ਬਰਾਬਰੀ ’ਤੇ ਰਹੀਆਂ। ਕਾਲਜ ਦੀ ਖਿਡਾਰਨ ਨਮਨੀਤ ਕੌਰ ਨੂੰ ਟੂਰਨਾਮੈਂਟ ਦੀ ਬਿਹਤਰੀਨ ਖਿਡਾਰਨ ਐਲਾਨਿਆ ਗਿਆ। ਉਸ ਨੂੰ ਟੂਰਨਾਮੈਂਟ ਕਮੇਟੀ ਵੱਲੋਂ ਐਕਟਿਵਾ ਸਕੂਟਰ ਨਾਲ ਸਨਮਾਨਿਆ ਗਿਆ। ਉਸ ਤੋਂ ਇਲਾਵਾ ਕਾਲਜ ਦੀ ਰਿਬਕਾ ਨੂੰ ਬਿਹਤਰੀਨ ਫੁਲ ਬੈਕ ਤੇ ਕਮਲਪ੍ਰੀਤ ਕੌਰ ਨੂੰ ਬਿਹਤਰੀਨ ਹਾਫ ਬੈਕ ਐਲਾਨਿਆ। ਕਾਲਜ ਨੂੰ 41000 ਰੁਪਏ ਨਕਦ ਤੇ ਉਪ ਜੇਤੂ ਟਰਾਫੀ ਨਾਲ ਸਨਮਾਨਿਆ ਗਿਆ। ਕਾਲਜ ਦੀ ਟੀਮ ਦਾ ਜਲੰਧਰ ਵਿਖੇ ਪਹੁੰਚਣ ’ਤੇ ਕਾਲਜ ਦੀ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ, ਰਾਊਂਡ ਗਲਾਸ ਹਾਕੀ ਅਕੈਡਮੀ ਤੋਂ ਉਲੰਪੀਅਨ ਸੰਜੀਵ ਕੁਮਾਰ, ਲਕਸ਼ੈ ਤੇ ਕਾਲਜ ਦੇ ਸਮੂਹ ਸਟਾਫ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੁੱਖੀ ਬੀਬੀ ਬਲਬੀਰ ਕੌਰ ਨੇ ਵੀ ਕਾਲਜ ਦੀ ਖਿਡਾਰਨਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਕਾਲਜ ਦੀ ਹਾਕੀ ਖਿਡਾਰਨਾਂ ਨੂੰ ਹੋਰ ਵੀ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਪ੍ਰਿੰਸੀਪਲ ਸਰਬਜੀਤ ਕੌਰ ਰਾਏ ਨੇ ਪ੍ਰਧਾਨ ਬੀਬੀ ਬਲਬੀਰ ਕੌਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਕਾਲਜ ਦੀਆਂ ਹਾਕੀ ਖਿਡਾਰਨਾਂ ਮੱਲਾਂ ਮਾਰ ਰਹੀਆਂ ਹਨ। ਉਨ੍ਹਾਂ ਇਸਦੇ ਨਾਲ ਰਾਊਂਡ ਗਲਾਸ ਹਾਕੀ ਅਕੈਡਮੀ ਦਾ ਵੀ ਧੰਨਵਾਦ ਕੀਤਾ, ਕਿ ਕਾਲਜ ਦੀਆਂ ਹਾਕੀ ਖਿਡਾਰਨਾਂ ਲਈ ਬਹੁਤ ਚੰਗਾ ਪਲੇਟਫਾਰਮ ਪ੍ਰਦਾਨ ਕੀਤਾ ਜਾ ਰਿਹਾ ਹੈ ਤੇ ਖਿਡਾਰਨਾਂ ਚੰਗਾ ਪ੍ਰਦਰਸ਼ਨ ਕਰ ਕੇ ਕਾਲਜ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ। ਇਸ ਮੌਕੇ ਕਾਲਜ ਖੇਡ ਵਿਭਾਗ ਦੀ ਮੁੱਖੀ ਪਰਮਿੰਦਰ ਕੌਰ ਤੇ ਕੁਲਬੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।