ਐੱਚਐੱਮਵੀ ’ਚ ਬਸੰਤ ਪੰਚਮੀ ਦੀ ਦੱਸੀ ਮਹਤੱਤਾ
ਐੱਚਐੱਮਵੀ ਵਿਖੇ ਬਸੰਤ ਦਾ ਤਿਉਹਾਰ ਸੱਭਿਆਚਾਰਕ ਉਤਸ਼ਾਹ ਨਾਲ ਮਨਾਇਆ
Publish Date: Thu, 29 Jan 2026 06:55 PM (IST)
Updated Date: Thu, 29 Jan 2026 06:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਬਸੰਤ ਉਤਸਵ ਨੂੰ ਬੜੇ ਜੋਸ਼ ਤੇ ਸੰਸਕ੍ਰਿਤਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਰਾਹੀਂ ਬਸੰਤ ਰੁੱਤ ਦੇ ਆਗਮਨ ਦਾ ਸਵਾਗਤ ਕਰਦਿਆਂ ਭਾਰਤੀ ਪਰੰਪਰਾਵਾਂ ਤੇ ਵਿਰਾਸਤ ਨੂੰ ਸਤਿਕਾਰ ਦਿੱਤਾ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਏਕਤਾ ਖੋਸਲਾ ਵੱਲੋਂ ਮਾਤਾ ਸਰਸਵਤੀ ਪੂਜਨ ਨਾਲ ਕੀਤੀ ਗਈ ਤਾਂ ਜੋ ਗਿਆਨ, ਵਿਦਿਆ ਤੇ ਪ੍ਰਕਾਸ਼ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ। ਕੈਂਪਸ ’ਚ ਵਿਦਿਆਰਥੀਆਂ, ਅਧਿਆਪਕਾਂ ਤੇ ਗੈਰ-ਅਧਿਆਪਕਾਂ ਵੱਲੋਂ ਸਕਾਰਾਤਮਕ ਊਰਜਾ ਨਾਲ ਤਿਉਹਾਰਕ ਮਾਹੌਲ ਨੂੰ ਸਿਰਜਿਆ ਗਿਆ। ਵਿਦਿਆਰਥੀਆਂ ਦੀ ਰੁਚੀ ਤੇ ਖੁਸ਼ੀ ਨੂੰ ਦੇਖਦੇ ਹੋਏ ਪਤੰਗਬਾਜ਼ੀ ਕਰਵਾਈ, ਜਿਸ ਨਾਲ ਮਾਹੌਲ ’ਚ ਰੌਣਕ ਪੈਦਾ ਹੋਈ। ਪੀਜੀ ਸੰਗੀਤ ਵਿਭਾਗ ਵੱਲੋਂ ਡਾ. ਪ੍ਰੇਮ ਸਾਗਰ ਦੀ ਅਗਵਾਈ ਨਾਲ ਸੰਗੀਤਕ ਪ੍ਰਸਤੁਤੀ ਦਿੱਤੀ ਗਈ। ਸਟੂਡੈਂਟ ਕੌਂਸਲ ਦੇ ਵਿਦਿਆਰਥੀਆਂ ਵੱਲੋਂ ਪਰੰਪਾਰਗਤ ਪੀਲੇ ਮਿੱਠੇ ਚਾਵਲ ਪ੍ਰਸਾਦ ਵਜੋਂ ਤਿਆਰ ਕਰਕੇ ਵੰਡੇ ਗਏ। ਜਿਸ ਨਾਲ ਸਮਾਰੋਹ ਦੀ ਸੱਭਿਆਚਾਰਕ ਮਹਿਕ ਹੋਰ ਵੱਧ ਗਈ। ਆਪਣੇ ਸੰਬੋਧਨ ’ਚ ਡਾ. ਏਕਤਾ ਖੋਸਲਾ ਨੇ ਬਸੰਤ ਉਤਸਵ ਦੀ ਮਹਤੱਤਾ ਬਾਰੇ ਰੌਸ਼ਨੀ ਪਾਉਂਦਿਆਂ ਇਸਨੂੰ ਸਕਾਰਾਤਮਕ, ਰਚਨਾਤਮਕ ਤੇ ਸੱਭਿਆਚਾਰਕ ਸਹਿਮਤੀ ਦਾ ਪ੍ਰਤੀਕ ਦੱਸਿਆ ਤੇ ਵਿਦਿਆਰਥੀਆਂ ਨੂੰ ਪਰੰਪਰਾਵਾਂ ਨਾਲ ਜੁੜੇ ਰਹਿੰਦੇ ਹੋਏ ਤਰੱਕੀ ਵੱਲ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ, ਡੀਨ ਯੂਥ ਵੈੱਲਫੇਅਰ ਡਾ. ਨਵਰੂਪ ਤੇ ਸਟੂਡੈਂਟ ਕੌਂਸਲ ਦੇ ਅਧਿਆਪਕ ਮੈਂਬਰ ਪ੍ਰਦੀਪ ਮਹਿਤਾ, ਡਾ. ਕਾਜਲ ਪੁਰੀ, ਜਯੋਤਿਕਾ ਮਿਨਹਾਸ, ਡਾ. ਜੀਵਨ ਦੇਵੀ, ਹਰਮਨੂ ਤੇ ਡਾ. ਦੀਪਾਲੀ ਹਾਜ਼ਰ ਰਹੇ। ਮੰਚ ਸੰਚਾਲਨ ਪ੍ਰੋਤਿਮਾ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਸੁੰਦਰ ਨਾਚ ਪੇਸ਼ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਪ੍ਰੋਗਰਾਮ ਨੂੰ ਯਾਦਗਾਰ ਬਣਾਇਆ ਗਿਆ।