ਟੱਕਰ ਮਗਰੋਂ ਸਕੂਟਰ ਘਸੀੜਦੀ ਲੈ ਗਈ ਕਾਰ, ਔਰਤ ਗੰਭੀਰ ਜ਼ਖ਼ਮੀ
ਕਾਲਾ ਸਿੰਘਾ ਰੋਡ 'ਤੇ ਤੇਜ਼ ਰਫ਼ਤਾਰ ਦਾ ਕਹਿਰ
Publish Date: Wed, 25 Mar 2026 08:45 PM (IST)
Updated Date: Wed, 25 Mar 2026 08:47 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਕਾਲਾ ਸਿੰਘਾ ਰੋਡ ਤੇ ਬੁੱਧਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਇਕ ਤੇਜ਼ ਰਫ਼ਤਾਰ ਕਾਰ ਸੜਕ ਕੰਢੇ ਖੜ੍ਹੇ ਇਕ ਸਕੂਟਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਾਲਕ ਸਕੂਟਰ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਰਿਹਾ। ਹਾਦਸੇ ’ਚ ਇਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੀੜਤਾ ਦੇ ਪਿਤਾ ਸਤੀਸ਼ ਕੁਮਾਰ ਅਨੁਸਾਰ ਉਸਦੀ ਧੀ ਸਕੂਟਰ ਕੋਲ ਖੜ੍ਹੀ ਸੀ ਜਦੋਂ ਤੇਜ਼ ਰਫ਼ਤਾਰ ਕਾਰ ਅਚਾਨਕ ਟਕਰਾ ਗਈ। ਕਾਰ ਚਾਲਕ ਸ਼ਰਾਬ ਦੇ ਨਸ਼ੇ ’ਚ ਸੀ ਤੇ ਗੱਡੀ ਤੇ ਪੁਲਿਸ ਦਾ ਸਟਿੱਕਰ ਵੀ ਲੱਗਾ ਹੋਇਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਗੱਡੀ ਸੜਕ ਕੰਢੇ ਟਕਰਾਉਣ ਤੋਂ ਪਹਿਲਾਂ ਕੰਟਰੋਲ ਤੋਂ ਬਾਹਰ ਹੋ ਗਈ। ਹਾਦਸੇ ’ਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਇਕ ਟਾਇਰ ਫਟ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ’ਚ ਇਕ ਪਰਿਵਾਰ ਸਵਾਰ ਸੀ, ਤੇ ਉਨ੍ਹਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਬਾਅਦ ਭੀੜ ਇਕੱਠੀ ਹੋ ਗਈ ਤੇ ਕੁਝ ਸਮੇਂ ਲਈ ਆਵਾਜਾਈ ਠੱਪ ਰਹੀ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਨੁਕਸਾਨੇ ਗਏ ਵਾਹਨਾਂ ਨੂੰ ਹਟਾਇਆ ਤੇ ਆਵਾਜਾਈ ਬਹਾਲ ਕੀਤੀ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।