ਉਦਯੋਗਾਂ ਨੂੰ ਰਾਹਤ ਦੇਣ ਲਈ ਵਿਸ਼ੇਸ਼ ਪੈਕੇਜ ਜਾਰੀ ਹੋਵੇ : ਸ਼ਰਮਾ
ਖਾੜੀ ਯੁੱਧ ਕਾਰਨ ਉਦਯੋਗਾਂ ਲਈ ਗੈਸ ਸਪਲਾਈ ’ਚ ਰਾਹਤ
Publish Date: Thu, 19 Mar 2026 10:17 PM (IST)
Updated Date: Thu, 19 Mar 2026 10:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਦੇ ਕਨਵੀਨਰ ਸੁਨੀਲ ਸ਼ਰਮਾ ਨੇ ਕਿਹਾ ਕਿ ਖਾੜੀ ਦੇਸ਼ਾਂ ਤੇ ਮਿਡਲ ਈਸਟ ਖੇਤਰ ’ਚ ਚੱਲ ਰਹੇ ਤਣਾਅ ਤੇ ਜੰਗ ਕਾਰਨ ਪੰਜਾਬ ਤੋਂ ਹੋਣ ਵਾਲਾ ਬਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੋਲ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਖਾੜੀ ਦੇਸ਼ਾਂ ਸਮੇਤ ਹੋਰ ਦੇਸ਼ ਆਪਣੇ ਨਾਗਰਿਕਾਂ ਤੇ ਉਦਯੋਗਾਂ ਲਈ ਸਹਾਇਤਾ ਪੈਕੇਜ ਦੇ ਰਹੇ ਹਨ, ਓਥੇ ਭਾਰਤ ’ਚ ਵੀ ਉਦਯੋਗਾਂ ਨੂੰ ਰਾਹਤ ਦੇਣ ਲਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੀ-ਫ੍ਰੇਟ ਤੇ ਵਾਰ ਰਿਸਕ ਸਰਚਾਰਜ ਲਗਭਗ 25% ਤੱਕ ਵੱਧ ਚੁੱਕਾ ਹੈ, ਜਿਸਦਾ ਸਾਰਾ ਭਾਰ ਬਰਾਮਦਕਾਰਾਂ ’ਤੇ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗੈਸ ਦੀ ਘਾਟ ਨੇ ਸਥਿਤੀ ਹੋਰ ਗੰਭੀਰ ਕਰ ਦਿੱਤੀ ਹੈ। ਗੈਸ ਦੀ ਲੇਟ ਸਪਲਾਈ ਕਾਰਨ ਕਈ ਉਦਯੋਗ ਪ੍ਰਭਾਵਿਤ ਹੋ ਰਹੇ ਹਨ ਤੇ ਕੁਝ ਯੂਨਿਟਾਂ ਬੰਦ ਹੋਣ ਦੇ ਕੰਢੇ ’ਤੇ ਹਨ। ਇਨ੍ਹਾਂ ਨਾਲ ਨਾਲ, ਪਰਵਾਸੀ ਮਜ਼ਦੂਰ ਰਸੋਈ ਗੈਸ ਦੀ ਘਾਟ ਕਾਰਨ ਪਰੇਸ਼ਾਨ ਹਨ ਤੇ ਆਪਣੇ ਘਰ ਵਾਪਸੀ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਗੈਸ ਸਪਲਾਈ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ ਤੇ ਜਮ੍ਹਾਂਖੋਰੀ ਤੇ ਬਲੈਕ ਮਾਰਕੀਟਿੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ’ਚ ਕਈ ਉਦਯੋਗਾਂ ਨੇ ਨਾਈਟ ਸ਼ਿਫਟ ਬੰਦ ਕਰ ਦਿੱਤੀ ਹੈ ਤੇ ਦਿਨ ’ਚ ਵੀ ਸਿਰਫ 8 ਘੰਟੇ ਹੀ ਉਤਪਾਦਨ ਚਲਾਇਆ ਜਾ ਰਿਹਾ ਹੈ ਤਾਂ ਕਿ ਮਜ਼ਦੂਰਾਂ ਨੂੰ ਰੋਜ਼ਗਾਰ ਮਿਲਦਾ ਰਹੇ। ਜੇ ਤੁਰੰਤ ਸੁਧਾਰ ਨਹੀਂ ਕੀਤਾ ਗਿਆ ਤਾਂ ਉਦਯੋਗਾਂ ਨੂੰ ਮਜਬੂਰ ਹੋ ਕੇ ਬੰਦ ਕਰਨਾ ਪੈ ਸਕਦਾ ਹੈ।
ਅੰਤ ’ਚ ਸੁਨੀਲ ਸ਼ਰਮਾ ਨੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਕਿ ਉਦਯੋਗਾਂ ਨੂੰ ਇਸ ਮੁਸ਼ਕਲ ਸਮੇਂ ’ਚ ਆਰਜ਼ੀ ਰਾਹਤ ਦਿੱਤੀ ਜਾਵੇ। ਵਿਸ਼ੇਸ਼ ਤੌਰ ’ਤੇ ਬਿਜਲੀ ਬਿੱਲਾਂ ’ਚ ਫਲੈਕਸੀ ਪੇਮੈਂਟ ਦੀ ਸੁਵਿਧਾ ਤੇ ਫਿਕਸਡ ਚਾਰਜ/ਸਰਚਾਰਜ ’ਚ ਛੋਟ ਦਿੱਤੀ ਜਾਵੇ, ਜਦ ਤੱਕ ਮਿਡਲ ਈਸਟ ਦੀ ਸਥਿਤੀ ਸਧਾਰਨ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਮੇਂ ਸਿਰ ਰਾਹਤ ਪ੍ਰਦਾਨ ਕਰਦੀ ਹੈ ਤਾਂ ਉਦਯੋਗਾਂ ਨੂੰ ਸਹਾਰਾ ਮਿਲੇਗਾ ਤੇ ਪੰਜਾਬ ਦੇ ਨਿਰਯਾਤ ਤੇ ਉਦਯੋਗਿਕ ਕਾਰਜਾਂ ਨੂੰ ਬਣਾਏ ਰੱਖਣ ’ਚ ਮਦਦ ਮਿਲੇਗੀ।