‘ਨਸ਼ਾ ਮੁਕਤੀ ਚੇਤਨਾ’ ਦੇ ਸੰਕਲਪ ਤਹਿਤ ਲੈਕਚਰ
‘ਨਸ਼ਾ ਮੁਕਤੀ ਚੇਤਨਾ’ ਦੇ ਸੰਕਲਪ ਅਧੀਨ ਐੱਨਐੱਸਐੱਸ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ
Publish Date: Wed, 18 Feb 2026 06:14 PM (IST)
Updated Date: Wed, 18 Feb 2026 06:15 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ, ਤੇਹਿੰਗ ਵਿਖੇ ਐੱਨਐੱਸਐੱਸ ਵਿਭਾਗ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਤੇ ਨਸ਼ਾ ਮੁਕਤੀ ਚੇਤਨਾ ਦੇ ਸੰਕਲਪ ਅਧੀਨ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਮੁੱਖ ਬੁਲਾਰੇ ਜਸਬੀਰ ਸਿੰਘ, ਮਾਰਗਦਰਸ਼ਕ, ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ) ਸਨ। ਡਾ. ਮਦਨਜੀਤ ਸਿੰਘ (ਐੱਮਡੀ ਭਾਈ ਮਤੀ ਦਾਸ ਨਰਸਿੰਗ ਕਾਲਜ) ਤੇ ਐਡਵੋਕੇਟ ਸੁਮਿਤ ਸੂਰੀ ਨੇ ਵੀ ਪ੍ਰੋਗਰਾਮ ’ਚ ਹਿੱਸਾ ਲਿਆ। ਮੁੱਖ ਬੁਲਾਰੇ ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ‘ਨਸ਼ਾ ਮੁਕਤੀ ਚੇਤਨਾ ਸੰਘ’ ਤੇ ਨਸ਼ਿਆਂ ਦੇ ਵਿਰੁੱਧ ਲੜਾਈ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ, “ਜਿੱਥੇ ਜਾਗ੍ਰਿਤੀ ਹੈ, ਉੱਥੇ ਪਰਿਵਰਤਨ ਆ ਸਕਦਾ ਹੈ।” ਲੈਕਚਰ ’ਚ ਨਸ਼ੇ ਦੇ ਵਧਦੇ ਪ੍ਰਭਾਵ, ਸਰਹੱਦੀ ਦੇਸ਼ਾਂ ਦੀ ਭੂਮਿਕਾ ਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਤਰੀਕੇ ਅੰਕੜਿਆਂ ਸਮੇਤ ਪੇਸ਼ ਕੀਤੇ ਗਏ। ਡਾ. ਪਰਮਜੀਤ ਕੌਰ ਜੱਸਲ, ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਮਨ ਤੇ ਸਰੀਰ ਨੂੰ ਸਿਹਤਮੰਦ ਰੱਖਣ ਤੇ ਕੰਮ-ਕਾਜ, ਪੜ੍ਹਾਈ ਤੇ ਪੜ੍ਹਾਉਣ ਵਰਗੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਲਗਭਗ 180 ਵਿਦਿਆਰਥੀਆਂ ਨੇ ਇਸ ਸੈਮੀਨਾਰ ’ਚ ਭਾਗ ਲਿਆ। ਸਮਾਪਤੀ ਰਾਸ਼ਟਰੀ ਗੀਤ ‘ਜਨ-ਗਨ-ਮਨ’ ਨਾਲ ਹੋਈ। ਕਾਲਜ ਦੇ ਸਮੂਹ ਸਟਾਫ ਵੀ ਹਾਜ਼ਰ ਰਹੇ।