ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਨੇ ਪੁਲਿਸ ਫੋਰਸ ਸਮੇਤ ਗੁਰੂ ਨਾਨਕ ਪੁਰਾ ਇਲਾਕੇ ’ਚ ਕੀਤੀ ਛਾਪੇਮਾਰੀ
ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਨੇ ਪੁਲਿਸ ਫੋਰਸ ਸਮੇਤ ਗੁਰੂ ਨਾਨਕ ਪੁਰਾ ਇਲਾਕੇ ’ਚ ਕੀਤੀ ਛਾਪੇਮਾਰੀ
Publish Date: Tue, 10 Feb 2026 08:55 PM (IST)
Updated Date: Tue, 10 Feb 2026 08:56 PM (IST)

-14 ਥਾਣਿਆਂ ਦੀ ਪੁਲਿਸ ਵੱਲੋਂ 50 ਤੋਂ ਵੱਧ ਥਾਵਾਂ ’ਤੇ ਕਾਰਵਾਈ, 50 ਤੋਂ ਵੱਧ ਵਿਅਕਤੀ ਹਿਰਾਸਤ ’ਚ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਪਰੇਸ਼ਨ ਪ੍ਰਹਾਰ-2 ਤਹਿਤ ਗੁਰੂ ਨਾਨਕ ਪੁਰਾ ਇਲਾਕੇ ’ਚ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਸਮੇਤ 100 ਤੋਂ ਵੱਧ ਪੁਲਿਸ ਅਧਿਕਾਰੀ ਪਹੁੰਚੇ। ਉਨ੍ਹਾਂ ਬਦਮਾਸ਼ਾਂ ਤੇ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ। ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਇਲਾਕੇ ’ਚ ਸ਼ੱਕੀਆਂ ਨੂੰ ਰੋਕ ਕੇ ਪੁੱਛਗਿੱਛ ਤੇ ਚੈਕਿੰਗ ਕੀਤੀ। ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਨੇ ਕਿਹਾ ਕਿ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ ਤੇ ਆਪ੍ਰੇਸ਼ਨ ਪ੍ਰਹਾਰ-2 ਤਹਿਤ ਟੀਮ ਸਮੇਤ ਗੁਰੂ ਨਾਨਕਪੁਰਾ ’ਚ ਛਾਪੇਮਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਦੌਰਾਨ ਪੁਲਿਸ ਕਮਿਸ਼ਨਰ ਦੀ ਅਗਵਾਈ ’ਚ 100 ਥਾਵਾਂ ’ਤੇ ਛਾਪੇ ਮਾਰੇ ਗਏ। ਇਸ ਕਾਰਵਾਈ ਦੌਰਾਨ 51 ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪੁਰਾਣੇ ਮਾਮਲਿਆਂ ਦੀ ਕੜੀ ਜੋੜੀ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਵੀ ਗਲੀਆਂ-ਮੁਹੱਲਿਆਂ ਤੇ ਵੱਖ-ਵੱਖ ਚੌਕਾਂ ’ਤੇ ਆਪ੍ਰੇਸ਼ਨ ਪ੍ਰਹਾਰ-2 ਤਹਿਤ ਕਾਰਵਾਈ ਜਾਰੀ ਹੈ। ਇਸ ਮੁਹਿੰਮ ਨਾਲ ਲੋਕ ਵੀ ਅਪਰਾਧ ਰੋਕਣ ਲਈ ਜਾਗਰੂਕ ਹੋ ਰਹੇ ਹਨ ਤੇ ਪੁਲਿਸ ਨੂੰ ਜਾਣਕਾਰੀ ਪ੍ਰਦਾਨ ਕਰ ਰਹੇ ਹਨ। ਜਿਵੇਂ ਨਸ਼ੇ ਖ਼ਿਲਾਫ਼ ਮੁਹਿੰਮ ਚਲਾ ਕੇ ਤਸਕਰਾਂ ’ਤੇ ਨਕੇਲ ਕੱਸੀ ਗਈ ਹੈ, ਉਸੇ ਤਰ੍ਹਾਂ ਹੁਣ ਗੈਂਗਸਟਰਾਂ ’ਤੇ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਇਸ ਆਪ੍ਰੇਸ਼ਨ ਦਾ ਮੁੱਖ ਉਦੇਸ਼ ਸ਼ਹਿਰ ’ਚ ਆਰਗਨਾਈਜ਼ਡ ਕ੍ਰਾਈਮ, ਡਰੱਗ ਤਸਕਰੀ ਤੇ ਗੈਰ-ਕਾਨੂੰਨੀ ਹਥਿਆਰਾਂ ਦੇ ਫੈਲਾਅ ਨੂੰ ਰੋਕਣਾ ਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਹੈ। ਆਪ੍ਰੇਸ਼ਨ ਦੌਰਾਨ ਵੱਖ-ਵੱਖ ਇਲਾਕਿਆਂ ’ਚ ਕੁੱਲ 51 ਛਾਪੇ ਮਾਰੇ ਗਏ। ਪੁਲਿਸ ਨੇ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਦਕਿ 9 ਲੋਕਾਂ ਨੂੰ ਪ੍ਰਿਵੈਂਟਿਵ ਐਕਸ਼ਨ ਤਹਿਤ ਹਿਰਾਸਤ ’ਚ ਲਿਆ ਗਿਆ। ਇਸ ਤੋਂ ਇਲਾਵਾ 16 ਲੋਕਾਂ ਦੀ ਪੁੱਛਗਿੱਛ/ਵੈਰੀਫਿਕੇਸ਼ਨ ਕੀਤੀ ਗਈ ਤੇ 177 ਸ਼ੱਕੀਆਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਰੇਲਵੇ ਸਟੇਸ਼ਨ ਤੇ ਬੱਸ ਅੱਡੇ ’ਤੇ ਦੋ ਸਰਚ ਆਪਰੇਸ਼ਨ ਵੀ ਕੀਤੇ ਤੇ ਖ਼ਾਸ ਥਾਵਾਂ ’ਤੇ 9 ਨਾਕੇ ਲਗਾਏ ਗਏ। ਇਸ ਦੌਰਾਨ 349 ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ 25 ਚਾਲਾਨ ਕੱਟੇ ਗਏ। ਕਾਰਵਾਈ ਦੌਰਾਨ 24.50 ਗ੍ਰਾਮ ਹੈਰੋਇਨ ਬਰਾਮਦ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਨਾਲ ਸਹਿਯੋਗ ਕਰਨ ਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਲਈ 112 ’ਤੇ ਕਾਲ ਕਰਨ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।