ਪੁਲਾੜ ਯਾਤਰੀ ਨੇ ਆਈਐੱਸਐੱਸ ’ਤੇ ਕੀਤਾ ਬਿਹੂ ਨ੍ਰਿਤ, ਵੀਡੀਓ ਵਾਇਰਲ
ਗੁਹਾਟੀ (ਪੀਟੀਆਈ) : ਕੌਮਾਂਤਰੀ
Publish Date: Sun, 19 Apr 2026 07:42 PM (IST)
Updated Date: Sun, 19 Apr 2026 07:45 PM (IST)
ਗੁਹਾਟੀ (ਪੀਟੀਆਈ) : ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਤੇ ਇਕ ਅਮਰੀਕੀ ਪੁਲਾੜ ਯਾਤਰੀ ਨੇ ਬਿਹੂ ਨ੍ਰਿਤ ਕੀਤਾ ਹੈ। ਇਸ ਦਾ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਅਸਮੀ ਨਵੇਂ ਸਾਲ ਦੇ ਮੌਕੇ ’ਤੇ ਰੋਂਗਾਲੀ ਬਿਹੂ ਦਾ ਉਤਸਵ ਮਨਾਇਆ ਜਾਂਦਾ ਹੈ। ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵੀਡੀਓ ਕਦੋਂ ਦਾ ਹੈ। ਇੰਟਰਨੈੱਟ ਮੀਡੀਆ ’ਤੇ ਵਾਇਰਲ ਵੀਡੀਓ ’ਚ ਮਾਈਕ ਫਿੰਕੇ ਨੂੰ ਗਲੇ ’ਚ ਰਵਾਇਤੀ ਗਮੋਸਾ (ਗਮਛਾ) ਪਹਿਨੇ ਤੇ ਬਿਹੂ ਨ੍ਰਿਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਫਿੰਕੇ ਦਾ ਵਿਆਹ ਆਸਾਮ ਦੀ ਮਹਿਲਾ ਰੇਨਿਤਾ ਸੈਕੀਆ ਨਾਲ ਹੋਇਆ ਹੈ। ‘ਬਿਹੂ ਬਿਨੰਦਿਆ’ ਟੈਗ ਦੇ ਨਾਲ ਆਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਐਕਸ ’ਤੇ ਵੀਡੀਓ ਸਾਂਝਾ ਕਰਦੇ ਹੋਏ ਪੋਸਟ ਕੀਤਾ,‘ਕੌਮਾਂਤਰੀ ਪੁਲਾੜ ਸਟੇਸ਼ਨ ’ਚ ਬਿਹੂ ਨ੍ਰਿਤ। ਆਸਾਮ ਦੀ ਸੰਸਕ੍ਰਿਤੀ ਦੇ ਪ੍ਰਤੀ ਇਸ ਵਿਸ਼ੇਸ਼ ਸਨਮਾਨ ਲਈ ਪੁਲਾੜ ਯਾਤਰੀ ਮਾਈਕ ਫਿੰਕੇ ਦੀ ਸ਼ਲਾਘਾ ਕਰਦਾ ਹਾਂ। ਬਿਹੂ ਨੂੰ ਵਿਸ਼ਵ ਪੱਧਰ ’ਤੇ ਮਨਾਉਂਦੇ ਦੇਖਣਾ ਅਦਭੁੱਤ ਹੈ।’ ਅਪ੍ਰੈਲ 2023 ’ਚ ਗੁਹਾਟੀ ’ਚ ਲਗਪਗ 10,000 ਲੋਕਾਂ ਨੇ ਬਿਹੂ ਬਿਨੰਦਿਆ ਦੀ ਪੇਸ਼ਕਾਰੀ ਦਿੱਤੀ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਖਿਆ ਸੀ।