ਟਰੱਕ ਦੀ ਟੱਕਰ ਨਾਲ ਐਕਟਿਵਾ ਸਵਾਰ ਪੁੱਤ ਦੀ ਮੌਤ, ਮਾਂ ਜ਼ਖ਼ਮੀ
ਮਾਂ ਦੀਆਂ ਅੱਖਾਂ ਦੇ ਸਾਹਮਣੇ ਪੁੱਤ ਨੂੰ ਟਰੱਕ ਨੇ ਮਾਰੀ ਟੱਕਰ, ਮੌਤ
Publish Date: Sun, 19 Apr 2026 08:34 PM (IST)
Updated Date: Mon, 20 Apr 2026 04:13 AM (IST)

- ਪੁਲਿਸ ਨੇ ਟਰੱਕ ਦੇ ਡਰਾਈਵਰ ਨੂੰ ਹਿਰਾਸਤ ’ਚ ਲਿਆ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਪਠਾਨਕੋਟ ਚੌਕ ਨੇੜੇ ਵਾਪਰੇ ਇਕ ਸੜਕ ਹਾਦਸੇ ’ਚ ਮਾਂ ਦੀਆਂ ਅੱਖਾਂ ਸਾਹਮਣੇ ਉਸ ਦੇ 13 ਸਾਲਾ ਪੁੱਤ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਮਾਂ ਨੂੰ ਗੰਭੀਰ ਸੱਟਾਂ ਲੱਗੀਆਂ। ਮ੍ਰਿਤਕ ਦੀ ਪਛਾਣ ਵੰਸ਼ ਪੁੱਤਰ ਜਤਿੰਦਰ ਕੁਮਾਰ ਵਾਸੀ ਬੰਗਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵੰਸ਼ ਆਪਣੀ ਮਾਂ ਪੂਨਮ ਨਾਲ ਐਕਟਿਵਾ ਸਕੂਟਰ ਤੇ ਕਰਤਾਰਪੁਰ ਤੋਂ ਬੰਗਾ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਪਠਾਨਕੋਟ ਚੌਕ ਨੇੜੇ ਪਹੁੰਚੇ ਤਾਂ ਉਸੇ ਦੌਰਾਨ ਸ੍ਰੀਨਗਰ ਦਿਸ਼ਾ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਵੰਸ਼ ਕਈ ਫੁੱਟ ਦੂਰ ਡਿੱਗ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸਦੀ ਮਾਂ ਪੂਨਮ ਗੰਭੀਰ ਜ਼ਖ਼ਮੀ ਹੋ ਗਈ। ਰਾਹਗੀਰ ਤੁਰੰਤ ਮਦਦ ਲਈ ਭੱਜੇ ਤੇ ਜ਼ਖਮੀ ਔਰਤ ਨੂੰ ਨੇੜਲੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਥਾਨਕ ਲੋਕਾਂ ਨੇ ਮੌਕੇ ਤੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ-8 ਦੇ ਐੱਸਐੱਚਓ ਇੰਸਪੈਕਟਰ ਸਾਹਿਲ ਚੌਧਰੀ, ਟ੍ਰੈਫਿਕ ਪੁਲਿਸ, ਪੀਸੀਆਰ ਟੀਮ ਤੇ ਰੋਡ ਸੇਫਟੀ ਫੋਰਸ ਨਾਲ ਮੌਕੇ ਤੇ ਪਹੁੰਚੇ। ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਟਰੱਕ ਚਾਲਕ, ਜਿਸ ਦੀ ਪਛਾਣ ਜ਼ੁਬੈਰ ਅਹਿਮਦ ਵਾਸੀ ਪੁਲਵਾਮਾ ਜੰਮੂ ਕਸ਼ਮੀਰ ਵਜੋਂ ਹੋਈ ਹੈ, ਨੂੰ ਹਿਰਾਸਤ ’ਚ ਲੈ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਰਾਹਗੀਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਤੇਜ਼ ਰਫ਼ਤਾਰ ਸੀ। ਉਸ ਨੇ ਐਕਵਿਟਾ ਸਵਾਰ ਮਾਂ-ਪੁੱਤ ਨੂੰ ਸਾਈਡ ਮਾਰੀ, ਜਿਸ ਨਾਲ ਉਹ ਸੜਕ ’ਤੇ ਜਾ ਡਿੱਗੇ, ਜਿਸ ਨਾਲ ਬੱਚੇ ਦੀ ਮੌਤ ਹੋ ਗਈ, ਜਦਕਿ ਮਾਂ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਲੱਗਾ ਟ੍ਰੈਫਿਕ ਜਾਮ ਹਾਦਸੇ ਤੋਂ ਬਾਅਦ ਘਟਨਾ ਸਥਾਨ ਤੇ ਲੰਬਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਨਾਲ ਯਾਤਰੀਆਂ ਤੇ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਤੇ ਟ੍ਰੈਫਿਕ ਕਰਮਚਾਰੀਆਂ ਨੇ ਸਥਿਤੀ ਨੂੰ ਕਾਬੂ ’ਚ ਲਿਆਉਣ ਤੇ ਟ੍ਰੈਫਿਕ ਜਾਮ ਨੂੰ ਸਾਫ਼ ਕਰਨ ’ਚ ਸਫਲਤਾ ਪ੍ਰਾਪਤ ਕੀਤੀ। ਜਾਮ ਲਗਪਗ ਇਕ ਘੰਟੇ ਤੱਕ ਬਣਿਆ ਰਿਹਾ। ਹਾਦਸੇ ਲਈ ਜ਼ਿੰਮੇਵਾਰ ਟਰੱਕ ਨੂੰ ਸੜਕ ਕਿਨਾਰੇ ਹਟਾ ਦਿੱਤਾ ਤੇ ਬਾਅਦ ’ਚ ਟ੍ਰੈਫਿਕ ਜਾਮ ਨੂੰ ਖੁੱਲ੍ਹਵਾਇਆ ਗਿਆ।