70 ਗ੍ਰਾਮ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ
70 ਗ੍ਰਾਮ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ
Publish Date: Thu, 08 Jan 2026 07:01 PM (IST)
Updated Date: Thu, 08 Jan 2026 07:03 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੀਆਈਏ ਸਟਾਫ ਨੇ ਭਗਤ ਸਿੰਘ ਕਾਲੋਨੀ ਟੀ-ਪੁਆਇੰਟ ਨੇੜੇ ਇਕ ਨੌਜਵਾਨ ਨੂੰ ਹੈਰੋਇਨ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਸੌਰਭ ਵਾਸੀ ਪ੍ਰੀਤ ਨਗਰ ਸੋਢਲ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ, ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਪੂਰੇ ਗੱਠਜੋੜ ਦੀ ਜਾਂਚ ਕਰ ਰਹੀ ਹੈ। ਸੀਆਈਏ ਸਟਾਫ ਦੇ ਹੈੱਡ ਕਾਂਸਟੇਬਲ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਸਮੇਤ ਭਗਤ ਸਿੰਘ ਟੀ-ਪੁਆਇੰਟ ਨੇੜੇ ਇਕ ਨਾਕੇ ਤੇ ਸਨ ਜਦ ਮੋਟਰਸਾਈਕਲ ਤੇ ਸਵਾਰ ਇਕ ਨੌਜਵਾਨ ਪੁਲਿਸ ਟੀਮ ਨੂੰ ਦੇਖ ਕੇ ਪਿੱਛੇ ਮੁੜ ਗਿਆ। ਸ਼ੱਕੀ ਹੋਣ ’ਤੇ ਪੁਲਿਸ ਟੀਮ ਨੇ ਮੁਲਜ਼ਮ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੂਰੀ ਤੇ ਉਸ ਨੇ ਸੜਕ ਦੇ ਦੂਜੇ ਪਾਸੇ ਇਕ ਪਾਰਦਰਸ਼ੀ ਲਿਫਾਫਾ ਸੁੱਟ ਦਿੱਤਾ ਤੇ ਭੱਜ ਗਿਆ। ਅਜਿਹੀ ਸਥਿਤੀ ’ਚ ਪਹਿਲਾਂ ਤੋਂ ਹੀ ਚੌਕਸ ਪੁਲਿਸ ਟੀਮ ਨੇ ਮੁਲਜ਼ਮ ਨੂੰ ਕੁਝ ਦੂਰੀ ਤੇ ਘੇਰ ਲਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਹੋਰ ਟੀਮ ਨੇ ਮੁਲਜ਼ਮ ਵੱਲੋਂ ਸੁੱਟਿਆ ਗਿਆ ਇਕ ਪਾਰਦਰਸ਼ੀ ਲਿਫਾਫਾ ਬਰਾਮਦ ਕੀਤਾ ਤੇ ਉਸਦੀ ਤਲਾਸ਼ੀ ਲਈ ਤਾਂ ਉਸ ’ਚੋਂ 70 ਗ੍ਰਾਮ ਹੈਰੋਇਨ ਮਿਲੀ। ਜਦ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲ ਕੀਤਾ ਕਿ ਉਹ ਜੰਡਿਆਲਾ ਗੁਰੂ ’ਚ ਤਸਕਰਾਂ ਤੋਂ ਹੈਰੋਇਨ ਖਰੀਦਦਾ ਹੈ ਅਤੇ ਮੁਨਾਫ਼ਾ ਕਮਾਉਂਦੇ ਹੋਏ ਆਪਣੇ ਵਫ਼ਾਦਾਰ ਗਾਹਕਾਂ ਨੂੰ ਮਹਿੰਗੇ ਭਾਅ ਤੇ ਵੇਚਦਾ ਹੈ। ਮੁਲਜ਼ਮ ਵਿਰੁੱਧ ਥਾਣਾ 1 ’ਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੀਆਈਏ ਸਟਾਫ ਨੇ ਤਕਨੀਕੀ ਜਾਂਚ ਦੇ ਆਧਾਰ ’ਤੇ ਮੁਲਜ਼ਮ ਦੇ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਪੂਰੇ ਗਠਜੋੜ ਦਾ ਖੁਲਾਸਾ ਹੋਣ ਦੀ ਪੂਰੀ ਸੰਭਾਵਨਾ ਹੈ।