ਅੰਮ੍ਰਿਤਸਰ ਤੋਂ ਹੈਰੋਇਨ ਦੀ ਸਪਲਾਈ ਦੇਣ ਆਇਆ ਚੜ੍ਹਿਆ ਹੱਥੇ
ਅੰਮ੍ਰਿਤਸਰ ਤੋਂ ਹੈਰੋਇਨ ਦੀ ਸਪਲਾਈ ਦੇਣ ਆਇਆ ਤਸਕਰ ਕਾਬੂ
Publish Date: Fri, 06 Feb 2026 06:31 PM (IST)
Updated Date: Fri, 06 Feb 2026 06:35 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਪੰਜ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਉਸ ਵੇਲੇ ਇਕ ਨਸ਼ਾ ਤਸਕਰ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਜਦ ਉਹ ਅੰਮ੍ਰਿਤਸਰ ਤੋਂ ਹੈਰੋਇਨ ਦੀ ਸਪਲਾਈ ਦੇਣ ਲਈ ਬਸਤੀ ਇਲਾਕੇ ’ਚ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਥਾਣਾ ਨੰਬਰ ਪੰਜ ਦੇ ਏਐੱਸਆਈ ਰੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਨੇ ਗੁਪਤ ਸੂਚਨਾ ਦਿੱਤੀ ਕਿ ਅੰਮ੍ਰਿਤਸਰ ਤੋਂ ਇਕ ਨਸ਼ਾ ਤਸਕਰ ਹੈਰੋਇਨ ਦੀ ਸਪਲਾਈ ਦੇਣ ਲਈ ਬਬਰੀਕ ਚੌਕ ਲਾਗੇ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐੱਸਆਈ ਰੁਪਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਜਦ ਉਸ ਥਾਂ ’ਤੇ ਛਾਪਾਮਾਰੀ ਕੀਤੀ ਤਾਂ ਉੱਥੇ ਖੜ੍ਹਾ ਨੌਜਵਾਨ ਯਕਦਮ ਮੌਕੇ ਤੋਂ ਖਿਸਕਣ ਲੱਗਾ। ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਜਦ ਉਸਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਨਿਰਬਏ ਸੱਭਰਵਾਲ ਵਾਸੀ ਲਹੌਰੀ ਗੇਟ ਅੰਮ੍ਰਿਤਸਰ ਦੱਸਿਆ ਜਦ ਪੁਲਿਸ ਪਾਰਟੀ ਨੇ ਖੜ੍ਹੇ ਹੋਣ ਦਾ ਕਾਰਨ ਤੇ ਪੁਲਿਸ ਪਾਰਟੀ ਦੇਖ ਕੇ ਖਿਸਕਣ ਬਾਰੇ ਪੁੱਛਿਆ ਤਾਂ ਉਹ ਘਬਰਾ ਗਿਆ ਤੇ ਟਾਲ-ਮਟੋਲ ਕਰਨ ਲੱਗਾ। ਜਦ ਪੁਲਿਸ ਪਾਰਟੀ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ ਕਰਨ ’ਤੇ ਉਹ 50 ਗ੍ਰਾਮ ਨਿਕਲੀ, ਜਿਸ ’ਤੇ ਨਿਰਬਏ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਲਈ ਅਦਾਲਤ ’ਚੋਂ ਪੁਲਿਸ ਰਿਮਾਂਡ ਲਿਆ ਜਾਵੇਗਾ। ਰਿਮਾਂਡ ਦੌਰਾਨ ਇਸ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।