ਬੱਸ ਯਾਤਰਾ ਲਈ ਬਣਨਗੇ ਸਮਾਰਟ ਕਾਰਡ
ਬੱਸ ਯਾਤਰਾ ਲਈ ਬਣਨਗੇ ਸਮਾਰਟ ਕਾਰਡ, ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੂੰ ਮਿਲੇਗੀ ਸੁਵਿਧਾ
Publish Date: Tue, 20 Jan 2026 09:32 PM (IST)
Updated Date: Tue, 20 Jan 2026 09:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੱਸ ਪਾਸ ਦੀ ਤਰ੍ਹਾਂ ਹੀ ਆਵਾਜਾਈ ਵਿਭਾਗ ਵੱਲੋਂ ਹੁਣ ਸਮਾਰਟ ਕਾਰਡ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਯੋਜਨਾ ਦੀ ਸ਼ੁਰੂਆਤ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਤੋਂ ਕੀਤੀ ਜਾਵੇਗੀ। ਇਸ ਸਮੇਂ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਸਮਾਰਟ ਕਾਰਡ ਰੋਜ਼ਾਨਾ ਬੱਸ ਰਾਹੀਂ ਸਫ਼ਰ ਕਰਨ ਵਾਲਿਆਂ ਲਈ ਕਾਫ਼ੀ ਸੁਵਿਧਾਜਨਕ ਸਾਬਤ ਹੋਵੇਗਾ। ਇਸ ਨਾਲ ਬਾਊਚਰ ਭਰਨ ਦੀ ਝੰਝਟ ਤੋਂ ਵੀ ਛੁਟਕਾਰਾ ਮਿਲੇਗਾ। ਸੂਬੇ ਦੇ ਪੰਜ ਸ਼ਹਿਰਾਂ ਦੇ ਬੱਸ ਸਟੈਂਡ ਅੱਪਗ੍ਰੇਡ ਕਰਨ ਦੀ ਯੋਜਨਾ ਦੇ ਨਾਲ ਹੀ ਸਮਾਰਟ ਕਾਰਡ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਨੂੰ ਲਾਗੂ ਹੋਣ ’ਚ ਹਾਲੇ ਚਾਰ ਤੋਂ ਪੰਜ ਮਹੀਨੇ ਲੱਗ ਸਕਦੇ ਹਨ। ਜਾਣਕਾਰੀ ਅਨੁਸਾਰ ਸਮਾਰਟ ਕਾਰਡ ਨੂੰ ਰੀਚਾਰਜ ਕੀਤਾ ਜਾ ਸਕੇਗਾ, ਜਿਸ ਨਾਲ ਰੋਜ਼ਾਨਾ ਨਕਦ ਪੈਸੇ ਰੱਖਣ ਦੀ ਲੋੜ ਖ਼ਤਮ ਹੋ ਜਾਵੇਗੀ। ਸਮਾਰਟ ਕਾਰਡ ਅਸਲ ’ਚ ਬੱਸ ਪਾਸ ਬੁੱਕ ਦੀ ਡਿਜ਼ੀਟਲ ਕਾਪੀ ਹੈ। ਸਮਾਰਟ ਕਾਰਡ ਲੈਣ ਵਾਲਿਆਂ ਨੂੰ ਖ਼ਾਸ ਲਾਭ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜੇਕਰ ਸਮਾਰਟ ਕਾਰਡ ਯੋਜਨਾ ਸ਼ੁਰੂ ਹੋ ਜਾਂਦੀ ਹੈ ਤਾਂ ਟਿਕਟਾਂ ਲਈ ਵਰਤੇ ਜਾਣ ਵਾਲੇ ਕਾਗਜ਼ ਦੇ ਕਾਰਟ੍ਰਿਜ ਦੀ ਵੀ ਬਚਤ ਹੋਵੇਗੀ। ਪਹਿਲੇ ਪੜਾਅ ’ਚ ਇਹ ਸਮਾਰਟ ਕਾਰਡ ਕਿਸ ਵਰਗ ਲਈ ਸ਼ੁਰੂ ਕੀਤਾ ਜਾਣਾ ਹੈ ਤੇ ਆਮ ਯਾਤਰੀਆਂ ਨੂੰ ਇਸ ਵੱਲ ਕਿਵੇਂ ਆਕਰਸ਼ਿਤ ਕੀਤਾ ਜਾਵੇ ਇਨ੍ਹਾਂ ਸਾਰੇ ਪਹਲੂਆਂ ਦੀ ਸਮੀਖਿਆ ਕੀਤੀ ਜਾਵੇਗੀ। ਫ਼ਿਲਹਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਨੌਕਰੀਪੇਸ਼ਾ ਲੋਕਾਂ ਤੇ ਵਿਦਿਆਰਥੀਆਂ ਨੂੰ ਧਿਆਨ ’ਚ ਰੱਖਦੇ ਹੋਏ ਸਮਾਰਟ ਕਾਰਡ ’ਤੇ ਕੰਮ ਕੀਤਾ ਜਾ ਰਿਹਾ ਹੈ। ਸਮਾਰਟ ਕਾਰਡ ਨਾਲ ਪਾਸ ਬਣਵਾਉਣ ਲਈ ਰੋਡਵੇਜ਼ ਡਿਪੂਆਂ ਦੇ ਚੱਕਰ ਕੱਟਣ ਤੋਂ ਵੀ ਰਾਹਤ ਮਿਲੇਗੀ। ਕਾਰਡਧਾਰਕ ਕਿਤੇ ਵੀ, ਕਿਸੇ ਵੀ ਸਮੇਂ ਇਸ ’ਚ ਪੈਸੇ ਭਰਵਾ ਕੇ ਰੀਚਾਰਜ ਕਰ ਸਕੇਗਾ।