ਕੰਪਨੀ ਦੀਆਂ ਛੇ ਜ਼ਬਤ ਕੀਤੀਆਂ ਜਾਇਦਾਦਾਂ ਬੈਂਕਾਂ ਨੂੰ ਮੋੜੀਆਂ
(ਈਡੀ ਦੀ ਵੱਡੀ ਕਾਰਵਾਈ)
Publish Date: Tue, 10 Feb 2026 10:44 PM (IST)
Updated Date: Tue, 10 Feb 2026 10:47 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਜ਼ੋਨਲ ਦਫ਼ਤਰ ਨੇ ਨਿਵੇਸ਼ਕਾਂ ਨਾਲ ਧੋਖਾਧੜੀ ਦੇ ਇਕ ਵੱਡੇ ਮਾਮਲੇ ’ਚ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ, ਜਿਸ ’ਚ ਰੀਅਲ ਅਸਟੇਟ ਕੰਪਨੀ ਮੈਸਰਜ਼ ਨੇਚਰ ਹਾਈਟਸ ਇਨਫਰਾ ਲਿਮਟਿਡ ਦੀਆਂ ਛੇ ਜ਼ਬਤ ਕੀਤੀਆਂ ਜਾਇਦਾਦਾਂ ਸਬੰਧਤ ਬੈਂਕਾਂ ਨੂੰ ਵਾਪਸ ਕਰ ਦਿੱਤੀਆਂ ਗਈਆਂ ਹਨ। ਇਹ ਕਾਰਵਾਈ ਮੋਹਾਲੀ ਦੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ਦੇ ਹੁਕਮਾਂ 'ਤੇ ਕੀਤੀ ਗਈ ਹੈ। ਈਡੀ ਵੱਲੋਂ ਵਾਪਸ ਕੀਤੀਆਂ ਗਈਆਂ ਸਾਰੀਆਂ ਜਾਇਦਾਦਾਂ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ’ਚ ਸਥਿਤ ਵਪਾਰਕ ਜਾਇਦਾਦਾਂ ਹਨ। ਉਨ੍ਹਾਂ ਦੀ ਸਰਕਾਰੀ ਕੀਮਤ ਲਗਭਗ 20.21 ਕਰੋੜ ਹੋਣ ਦਾ ਅਨੁਮਾਨ ਹੈ, ਜਦੋਂ ਕਿ ਮੌਜੂਦਾ ਬਾਜ਼ਾਰ ਮੁੱਲ ਲਗਪਗ 50 ਕਰੋੜ ਹੋਣ ਦਾ ਅਨੁਮਾਨ ਹੈ। ਬੈਂਕਾਂ ਤੇ ਨਿਵੇਸ਼ਕਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਜਾਇਦਾਦਾਂ ਨੂੰ ਸਟੇਟ ਬੈਂਕ ਆਫ਼ ਪਟਿਆਲਾ ਤੇ ਕੈਥੋਲਿਕ ਸੀਰੀਅਨ ਬੈਂਕ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਮੀਨ ਪ੍ਰਦਾਨ ਕਰਨ ਦੇ ਨਾਮ 'ਤੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ। ਪੰਜਾਬ ਪੁਲਿਸ ਵੱਲੋਂ ਦਰਜ ਕਈ ਐੱਫਆਈਆਰ ਦੇ ਆਧਾਰ 'ਤੇ ਈਡੀ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਤੋਂ ਪਤਾ ਲੱਗਾ ਕਿ ਨੀਰਜ ਥਟਾਈ, ਜਿਸਨੂੰ ਨੀਰਜ ਅਰੋੜਾ ਵੀ ਕਿਹਾ ਜਾਂਦਾ ਹੈ, ਤੇ ਉਸਦੀ ਕੰਪਨੀ ਨੇ ਵੱਡੀ ਗਿਣਤੀ ’ਚ ਨਿਵੇਸ਼ਕਾਂ ਨੂੰ ਜ਼ਮੀਨ ਦੇਣ ਦਾ ਵਾਅਦਾ ਕਰਕੇ ਕਰੋੜਾਂ ਰੁਪਏ ਇਕੱਠੇ ਕੀਤੇ। ਹਾਲਾਂਕਿ, ਨਿਵੇਸ਼ਕਾਂ ਨੂੰ ਨਾ ਤਾਂ ਜ਼ਮੀਨ ਮਿਲੀ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ। ਈਡੀ ਅਨੁਸਾਰ, ਮੁਲਜ਼ਮ ਨੇ ਨਿਵੇਸ਼ਕਾਂ ਤੋਂ ਪ੍ਰਾਪਤ ਫੰਡਾਂ ਦੀ ਵਰਤੋਂ ਨਿੱਜੀ ਖਰਚਿਆਂ, ਆਪਣੇ ਤੇ ਆਪਣੀ ਕੰਪਨੀ ਦੇ ਨਾਮ 'ਤੇ ਜਾਇਦਾਦ ਖਰੀਦਣ ਤੇ ਬੇਨਾਮੀ ਜਾਇਦਾਦ ਬਣਾਉਣ ਲਈ ਕੀਤੀ। ਜਾਂਚ ਦੌਰਾਨ, ਈਡੀ ਨੇ ਪੰਜਾਬ, ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਫੈਲੀਆਂ ਲਗਪਗ 46.02 ਕਰੋੜ ਦੀਆਂ ਜਾਇਦਾਦਾਂ ਨੂੰ ਅਸਥਾਈ ਤੌਰ 'ਤੇ ਕੁਰਕ ਕੀਤਾ। ਇਨ੍ਹਾਂ ’ਚ ਬੈਂਕ ਖਾਤੇ ਦੇ ਬਕਾਏ, ਖੇਤੀਬਾੜੀ ਜ਼ਮੀਨ ਤੇ ਵਪਾਰਕ ਜਾਇਦਾਦਾਂ ਸ਼ਾਮਲ ਹਨ। ਮੁੱਖ ਮੁਲਜ਼ਮ, ਨੀਰਜ ਥਟਾਈ ਨੂੰ ਈਡੀ ਨੇ 8 ਅਕਤੂਬਰ, 2024 ਨੂੰ ਗ੍ਰਿਫਤਾਰ ਕੀਤਾ ਸੀ, ਤੇ ਇਸ ਸਮੇਂ ਨਿਆਂਇਕ ਹਿਰਾਸਤ ’ਚ ਹੈ।
----------------------
ਅਦਾਲਤ ਦੇ ਹੁਕਮ 'ਤੇ ਜਾਇਦਾਦਾਂ ਬੈਂਕਾਂ ਨੂੰ ਸੌਂਪੀਆਂ
6 ਫਰਵਰੀ, 2026 ਨੂੰ, ਮੋਹਾਲੀ ਦੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ਨੇ ਧੋਖਾਧੜੀ ਕਾਰਨ ਹੋਏ ਨੁਕਸਾਨ ਦੀ ਆਂਸ਼ਕ ਪੂਰਤੀ ਲਈ ਜ਼ਬਤ ਕੀਤੀਆਂ ਜਾਇਦਾਦਾਂ ਨੂੰ ਸਬੰਧਤ ਬੈਂਕਾਂ ਨੂੰ ਸੌਂਪਣ ਦੀ ਆਗਿਆ ਦੇਣ ਦਾ ਹੁਕਮ ਜਾਰੀ ਕੀਤਾ। ਈਡੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ’ਚ ਹੋਰ ਜਾਂਚ ਜਾਰੀ ਹੈ ਤੇ ਹੋਰ ਮੁਲਜ਼ਮਾਂ ਤੇ ਜਾਇਦਾਦਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।