ਇਨਸਾਫ ਲੈਣ ਕੋਰਟ ਜਾਏਗਾ ਵਰਿੰਦਰ ਘੁੰਮਣ ਦਾ ਪਰਿਵਾਰ
ਵਰਿੰਦਰ ਘੁੰਮਣ ਵਿਚ ਬਣੀ ਐੱਸਆਈਟੀ ਦੀ ਰਿਪੋਰਟ ਆਈ, ਪਰਿਵਾਰ ਨੇ ਲਾਪਰਵਾਹੀ ਬਰਤੀ ਜਾਣ ਦਾ ਕੀਤਾ ਦਾਅਵਾ, ਇਨਸਾਫ ਲਈ ਕੋਰਟ ਜਾਣਗੇ
Publish Date: Mon, 02 Mar 2026 09:00 PM (IST)
Updated Date: Mon, 02 Mar 2026 09:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਬਾਡੀ ਬਿਲਡਰ ਤੇ ਬਾਲੀਵੁੱਡ ਤੇ ਪਾਲੀਵੁੱਡ ਫਿਲਮਾਂ ’ਚ ਅਦਾਕਾਰੀ ਕਰਨ ਵਾਲੇ ਵਰਿੰਦਰ ਘੁੰਮਣ ਦੀ ਮੌਤ ਮਾਮਲੇ ’ਚ ਬਣੀ ਐੱਸਆਈਟੀ ਦੀ ਰਿਪੋਰਟ ਆ ਗਈ ਹੈ। ਸਿਵਲ ਸਰਜਨ ਵੱਲੋਂ ਰਿਪੋਰਟ ਦੀ ਕਾਪੀ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਰਿਪੋਰਟ ’ਚ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਰਿਪੋਰਟ ਦੇ ਆਧਾਰ ’ਤੇ ਪਰਿਵਾਰ ਹੁਣ ਹਸਪਤਾਲ ਖ਼ਿਲਾਫ਼ ਕਾਨੂੰਨੀ ਲੜਾਈ ਲੜੇਗਾ। ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮਿਲਣਗੇ। ਉਹ ਹਸਪਤਾਲ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕਰਨ ਦੇ ਨਾਲ ਇਨਸਾਫ਼ ਦੀ ਮੰਗ ਵੀ ਰੱਖਣਗੇ। ਵਰਿੰਦਰ ਘੁੰਮਣ ਦੇ ਭਰਾ ਰੱਬੀ ਨੇ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਸਰਜਰੀ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਦਾ ਸ਼ੱਕ ਸੀ। ਪਰਿਵਾਰਕ ਮੈਂਬਰਾਂ ਦੇ ਮੁਤਾਬਕ ਸਰਜਰੀ ਦੌਰਾਨ ਹੀ ਵਰਿੰਦਰ ਦੀ ਮੌਤ ਹੋ ਗਈ ਸੀ ਤੇ ਉਨ੍ਹਾਂ ਨੇ ਇਲਾਜ ’ਚ ਲਾਪਰਵਾਹੀ ਦੇ ਦੋਸ਼ ਲਗਾਏ ਸਨ। ਵਰਿੰਦਰ ਦਾ ਸਰੀਰ ਨੀਲਾ ਕਿਵੇਂ ਪੈ ਗਿਆ ਇਸ ਸਮੇਤ ਕਈ ਸਵਾਲ ਪਰਿਵਾਰ ਦੇ ਮਨ ’ਚ ਸਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੇ ਪੈਨਲ ਦੀ ਕਮੇਟੀ ਬਣਾਈ ਗਈ ਸੀ, ਜਿਸ ’ਚ ਆਰਥੋਪੀਡਿਕ, ਮੈਡੀਸਨ, ਕਾਰਡੀਓਲੋਜੀ, ਐਨੇਸਥੀਸੀਆ ਤੇ ਫੋਰੈਂਸਿਕ ਮਾਹਿਰ ਸ਼ਾਮਲ ਸਨ। ਸਿਵਲ ਸਰਜਨ ਅੰਮ੍ਰਿਤਸਰ ਦੀ ਚੇਅਰਮੈਨਸ਼ਿਪ ਹੇਠ ਪੈਨਲ ਨੇ ਇਹ ਰਿਪੋਰਟ ਤਿਆਰ ਕੀਤੀ। ਵਰਿੰਦਰ ਘੁੰਮਣ ਦੇ ਭਰਾ ਰੱਬੀ ਨੇ ਕਿਹਾ ਕਿ ਰਿਪੋਰਟ ਆ ਚੁੱਕੀ ਹੈ ਤੇ ਇਸ ’ਚ ਸਰਜਰੀ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਹੁਣ ਜਲਦ ਹੀ ਅਦਾਲਤ ’ਚ ਇਨਸਾਫ਼ ਲਈ ਲੜਾਈ ਲੜੀ ਜਾਵੇਗੀ। ਜ਼ਿਕਰਯੋਗ ਹੈ ਕਿ 9 ਅਕਤੂਬਰ 2025 ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਸਰਜਰੀ ਦੌਰਾਨ ਵਰਿੰਦਰ ਘੁੰਮਣ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਪ੍ਰਬੰਧਨ ’ਤੇ ਇਲਾਜ ’ਚ ਲਾਪਰਵਾਹੀ ਦੇ ਦੋਸ਼ ਲਗਾਏ ਸਨ।