- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋਗਾ ਦੇ ਅਮਰੀਕਾ ਜਾਣ ਤੋਂ ਬਾਅਦ ਲੱਕੀ ਲਈ ਕੰਮ ਕਰਨ ਲੱਗ ਪਿਆ ਸੀ ਸਿੰਗਰੀ, ਕਤਲ ਤੋਂ ਬਾਅਦ ਤੋਂ ਲਾਪਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਤਵਿੰਦਰ ਸਿੰਘ ਉਰਫ਼ ਲੱਕੀ ਓਬਰਾਏ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਤਿੰਨੇ ਮੁਲਜ਼ਮ ਇੱਕੋ ਪਿੰਡ ਫੋਲੜੀਵਾਲ ਦੇ ਹਨ। ਹੱਤਿਆਕਾਂਡ ਤੋਂ ਪਹਿਲਾਂ ਲੱਕੀ ਦੀ ਮੁਖਬਰੀ ਕਰਨ ਦੇ ਦੋਸ਼ਾਂ ਹੇਠ ਆ ਰਿਹਾ ਵਿਅਕਤੀ ਲੱਕੀ ਦਾ ਡਰਾਈਵਰ ਤੇ ਰਿਕਵਰੀ ਏਜੰਟ ਸਿੰਗਰੀ ਹੈ, ਜੋ ਫੋਲੜੀਵਾਲ ਦਾ ਹੀ ਰਹਿਣ ਵਾਲਾ ਹੈ। ਹੱਤਿਆ ਤੋਂ ਬਾਅਦ ਸਿੰਗਰੀ ਫਰਾਰ ਹੈ ਤੇ ਉਸ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿੰਗਰੀ ਨੇ ਲੱਕੀ ਵੱਲੋਂ ਕੁੱਟਮਾਰ ਦੀ ਸ਼ਿਕਾਇਤ ਅਮਰੀਕਾ ਬੈਠੇ ਜੋਗਾ ਨੂੰ ਕੀਤੀ। ਪਹਿਲਾਂ ਤੋਂ ਹੀ ਨਾਰਾਜ਼ ਚੱਲ ਰਹੇ ਜੋਗਾ ਨੇ ਲੱਕੀ ਨੂੰ ਮਾਰਨ ਦੀ ਯੋਜਨਾ ਬਣਾਈ ਤੇ ਪਿੰਡ ਦੇ ਹੀ ਅਰਜੁਨ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ। ਸਿੰਗਰੀ ਪਹਿਲਾਂ ਜੋਗਾ ਫੋਲੜੀਵਾਲ ਲਈ ਕੰਮ ਕਰਦਾ ਸੀ। ਜੋਗਾ ਦੇ ਅਮਰੀਕਾ ਜਾਣ ਤੋਂ ਬਾਅਦ ਲਗਪਗ ਦੋ ਸਾਲ ਪਹਿਲਾਂ ਉਹ ਲੱਕੀ ਦੇ ਫਾਇਨੈਂਸ ਦੇ ਕੰਮ ’ਚ ਰਿਕਵਰੀ ਤੇ ਡਰਾਈਵਿੰਗ ਕਰਨ ਲੱਗ ਪਿਆ। ਜੋਗਾ, ਅਰਜੁਨ ਤੇ ਸਿੰਗਰੀ ਇਕੋ ਪਿੰਡ ਦੇ ਹੋਣ ਕਾਰਨ ਆਪਸ ’ਚ ਤਾਲਮੇਲ ਬਣਿਆ ਰਿਹਾ। ਇਸ ਤੋਂ ਪਹਿਲਾਂ ਲੱਕੀ ਤੇ ਜੋਗਾ ਆਪਸ ’ਚ ਦੋਸਤ ਸਨ ਤੇ ਸਿੰਗਰੀ ਦੋਹਾਂ ਲਈ ਕੰਮ ਕਰਦਾ ਸੀ। ਜੋਗਾ ਦੇ ਜਾਣ ਤੋਂ ਬਾਅਦ ਸਿੰਗਰੀ ਲੱਕੀ ਨਾਲ ਜੁੜਿਆ ਰਿਹਾ। ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਲੱਕੀ ਨੇ ਜੋਗਾ ਸਮਰਥਕ ਦੇ ਵਿਰੋਧ ’ਚ ਆਪਣਾ ਉਮੀਦਵਾਰ ਖੜ੍ਹਾ ਕੀਤਾ, ਜਿਸ ਕਾਰਨ ਦੋਵਾਂ ਵਿਚਾਲੇ ਵਿਵਾਦ ਵਧ ਗਿਆ। ਵਿਵਾਦ ਦੇ ਬਾਵਜੂਦ ਸਿੰਗਰੀ ਜੋਗਾ ਨਾਲ ਸੰਪਰਕ ’ਚ ਰਿਹਾ ਤੇ ਲੱਕੀ ਬਾਰੇ ਜਾਣਕਾਰੀਆਂ ਦਿੰਦਾ ਰਿਹਾ। ਲੱਕੀ ਨਾਲ ਜੁੜੇ ਲੋਕਾਂ ਮੁਤਾਬਕ ਸਿੰਗਰੀ ਦੀ ਨਸ਼ੇ ਦੀ ਆਦਤ ਕਾਰਨ ਲੱਕੀ ਨੇ ਉਸਨੂੰ ਕੰਮ ਤੋਂ ਕੱਢ ਦਿੱਤਾ ਸੀ ਪਰ ਬਾਅਦ ’ਚ ਮੁੜ ਰੱਖ ਲਿਆ। ਹੱਤਿਆਕਾਂਡ ਤੋਂ ਚਾਰ ਦਿਨ ਪਹਿਲਾਂ ਸਿੰਗਰੀ ਨੇ ਫਾਇਨੈਂਸ ਰਿਕਵਰੀ ਦੇ ਪੈਸਿਆਂ ਨਾਲ ਨਸ਼ਾ ਕਰ ਲਿਆ, ਜਿਸ ਕਾਰਨ ਲੱਕੀ ਨੇ ਉਸ ਦੀ ਕੁੱਟਮਾਰ ਕੀਤੀ ਤੇ ਕੰਮ ਤੋਂ ਕੱਢਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਸਿੰਗਰੀ ਨੇ ਵੀ ਮਨ ’ਚ ਰੰਜਿਸ਼ ਰੱਖ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਸਿੰਗਰੀ ਨੇ ਇਹ ਸਾਰੀ ਗੱਲ ਫ਼ੋਨ ’ਤੇ ਜੋਗਾ ਨੂੰ ਦੱਸੀ, ਜਿਸ ’ਤੇ ਜੋਗਾ ਨੇ ਲੱਕੀ ਦਾ ਕੰਮ ਖਤਮ ਕਰਨ ਲਈ ਉਸਦਾ ਸਹਿਯੋਗ ਮੰਗਿਆ। ਸਿੰਗਰੀ ਦੀ ਮੁਖਬਰੀ ਤੋਂ ਬਾਅਦ 6 ਫਰਵਰੀ ਦੀ ਸਵੇਰ ਸਤਵਿੰਦਰ ਸਿੰਘ ਉਰਫ਼ ਲੱਕੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।