ਵਿਸ਼ਵ ਜਲ ਦਿਵਸ ਨੂੰ ਸਮਰਪਿਤ ਹੈ ਗੀਤ ‘ਪਾਣੀ’
ਗੀਤ 'ਪਾਣੀ' ਦਾ ਸਿੰਗਲ ਟਰੈਕ ਜਾਰੀ
Publish Date: Tue, 24 Mar 2026 06:19 PM (IST)
Updated Date: Tue, 24 Mar 2026 06:22 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫ਼ਤਰ ਬੰਗਾ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਵਿਸ਼ਵ ਜਲ ਦਿਵਸ ਨੂੰ ਸਮਰਪਿਤ ਗੀਤ ਪਾਣੀ ਤਿਆਰ ਕਰਵਾਇਆ ਗਿਆ ਹੈ। ਇੱਥੇ ਇਕ ਸਮਾਗਮ ਦੌਰਾਨ ਇਸ ਦਾ ਸਿੰਗਲ ਟਰੈਕ ਅੱਜ ਜਾਰੀ ਕੀਤਾ ਗਿਆ। ਇਸ ਗੀਤ ਨੂੰ ਗਾਇਕ ਅਜੀਤ ਸਿੰਘ ਨਵਾਂਸ਼ਹਿਰ ਨੇ ਆਪਣੀ ਸੁਰੀਲੀ ਅਵਾਜ਼ ’ਚ ਪੇਸ਼ ਕੀਤਾ ਹੈ। ਇਸ ਗੀਤ ਦੇ ਰਚੇਤਾ ਇੰਜੀ. ਜਸਵੀਰ ਸਿੰਘ ਮੋਰੋਂ ਹਨ ਤੇ ਸੰਗੀਤਬੱਧ ਆਰ. ਸੋਢੀ ਨੇ ਕੀਤਾ ਹੈ। ਇਹ ਰਿਲੀਜ਼ ਰਸਮ ’ਚ ਉਕਤ ਗਾਇਕ ਤੇ ਗੀਤਕਾਰ ਦੇ ਨਾਲ ਐਡਵੋਕੇਟ ਕਮਲਜੀਤ ਸਿੰਘ ਬਹਾਦਰਪੁਰ, ਸਰਪੰਚ ਹਰਮਿੰਦਰ ਸਿੰਘ ਤਲਵੰਡੀ, ਸਲਵਿੰਦਰ ਸਿੰਘ ਰਾਵਣ, ਮਾਸਟਰ ਹਰਜੋਗ ਸਿੰਘ, ਕਮੈਂਟੇਟਰ ਗੁਰਦਿਆਲ ਸਿੰਘ ਜਗਤਪੁਰ, ਲੰਬੜਦਾਰ ਸੁਰਜੀਤ ਮਜਾਰੀ ਸ਼ਾਮਲ ਹੋਏ। ਇਸ ਮੌਕੇ ਇੰਜੀ. ਜਸਵੀਰ ਮੋਰੋਂ ਨੇ ਇਸ ਸੰਗੀਤਕ ਉਪਰਾਲੇ ਲਈ ਮਿਸ਼ਨ ਬਾਰੇ ਚਾਨਣਾ ਪਾਉਂਦਿਆ ਕਿਹਾ ਕਿ ਮਨੁੱਖ ਦੀ ਮੁੱਢਲੀ ਲੋੜ ਪਾਣੀ ਦਾ ਮਿਆਰ ਤੇ ਪੱਧਰ ਤੇਜ਼ੀ ਨਾਲ ਨੀਵਾਂ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣ ਸੀ ਕਿ ਪੰਜਾਬ ਦਾ ਪੀਣ ਵਾਲਾ ਪਾਣੀ ਪ੍ਰਦੁਸ਼ਤ ਹੋਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੀ ਲਪੇਟ ’ਚ ਜਨਤਾ ਆ ਚੁੱਕੀ ਹੈ। ਰਿਲੀਜ਼ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਗਾਇਕ ਤੇ ਗੀਤਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਾਬ ਦਾ ਭੱਖਦਾ ਮਸਲਾ ਬਣ ਗਿਆ ਹੈ। ਇਸ ’ਤੇ ਹਰ ਪੱਧਰ ਉੱਪਰ ਚਰਚਾ ਹੋਣੀ ਜ਼ਰੂਰੀ ਹੈ। ਇਸ ਗੀਤ ਰਾਹੀਂ ਲੋਕਾਂ ਨੂੰ ਪਾਣੀ ਦੀ ਅਹਿਮੀਅਤ ਪ੍ਰਤੀ ਜਾਗਰੂਕ ਕਰਨ ਦਾ ਇਕ ਯਤਨ ਕੀਤਾ ਗਿਆ ਹੈ।