ਸਿੱਖੀ ਕਕਾਰ ਪਾ ਕੇ ਪੇਪਰ ਦੇਣ ਤੋਂ ਰੋਕਣ ਦੀ ਸਿੱਖ ਤਾਲਮੇਲ ਕਮੇਟੀ ਵੱਲੋਂ ਨਿਖੇਧੀ
ਸਿੱਖੀ ਕਕਾਰ ਪਾ ਕੇ ਪੇਪਰ ਦੇਣ ਤੋਂ ਰੋਕਣਾ ਦੀ ਸਿੱਖ ਤਾਲਮੇਲ ਕਮੇਟੀ ਨੇ ਕੀਤੀ ਨਿੰਦਾ
Publish Date: Sun, 08 Feb 2026 06:32 PM (IST)
Updated Date: Sun, 08 Feb 2026 06:35 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਦੇਸ਼ ’ਚ ਸਿੱਖ ਬੱਚਿਆਂ ਨੂੰ ਕਕਾਰ ਪਾ ਕੇ ਵੱਖ-ਵੱਖ ਪੇਪਰ ਦੇਣ ਤੋਂ ਬਾਰ-ਬਾਰ ਰੋਕਣਾ, ਸੰਵਿਧਾਨਿਕ ਅਧਿਕਾਰ ਦੀ ਘੋਰ ਉਲੰਘਣਾ ਕਰਾਰ ਦਿੰਦਿਆਂ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਇੱਕ ਅੰਮ੍ਰਿਤਧਾਰੀ ਸਿੱਖ ਬੱਚੇ ਜਪਨ ਸਿੰਘ ਨੂੰ ਬੀਏ ਦਾ ਪੇਪਰ ਦੇਣ ਤੋਂ ਰੋਕਣ ਦੀ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਨਿਖੇਧੀ ਕੀਤੀ ਗਈ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਤੇ ਹਰਵਿੰਦਰ ਸਿੰਘ ਚਿਟਕਾਰਾ ਨੇ ਸਾਂਝੇ ਬਿਆਨ ’ਚ ਕਿਹਾ ਹੈ ਕਿਰਪਾਨ ਸਿੱਖ ਧਰਮ ’ਚ ਅੰਮ੍ਰਿਤਧਾਰੀ ਸਿੱਖ ਲਈ ਪਾਉਣੀ ਲਾਜ਼ਮੀ ਹੈ। ਇਹ ਅਧਿਕਾਰ ਭਾਰਤੀ ਸੰਵਿਧਾਨ ਹਰ ਸਿੱਖ ਨੂੰ ਦਿੰਦਾ ਹੈ ਵਾਰ-ਵਾਰ ਵੱਖ-ਵੱਖ ਪ੍ਰੀਖਿਆਵਾਂ ’ਚ ਸਿੱਖ ਵਿਦਿਆਰਥੀਆਂ ਨੂੰ ਰੋਕਣਾ ਸਾਡੇ ਸੰਵਿਧਾਨਿਕ ਹੱਕ ਦੀ ਉਲੰਘਣਾ ਹੈ, ਜੋ ਕਿਸੇ ਕੀਮਤ ’ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਹਰਕਤ ਕਰਦੇ ਹਨ, ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਦੁਬਾਰਾ ਕੋਈ ਵੀ ਸਾਡੇ ਸੰਵਿਧਾਨਿਕ ਹੱਕ ’ਤੇ ਡਾਕਾ ਨਾ ਮਰ ਸਕੇ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕੀਤੀ ਕਿ ਸਿੱਖ ਕੌਮ ਨੂੰ ਵਾਰ-ਵਾਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਸਲੇ ਦੇ ਹੱਲ ਲਈ ਪੱਕੇ ਤੌਰ ’ਤੇ ਉਪਰਾਲਾ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਭਜੋਤ ਸਿੰਘ ਖਾਲਸਾ, ਹਰਪਾਲ ਸਿੰਘ ਪਾਲੀ ਚੱਢਾ, ਹਰਪ੍ਰੀਤ ਸਿੰਘ ਸੋਨੂ, ਅਵਨੀਤ ਸਿੰਘ ਆਦਿ ਵੱਲੋਂ ਨਿਖੇਧੀ ਕੀਤੀ ਗਈ।