35 ਮਿੰਟ ਪਿੱਛਾ ਕਰਨ ਮਗਰੋਂ ਦਬੋਚਿਆ ਸ਼ਟਰਿੰਗ ਚੋਰੀ ਦਾ ਮੁਲਜ਼ਮ
ਗਲਤ ਪਾਸਿਓਂ ਭੱਜਦਾ ਰਿਹਾ
Publish Date: Fri, 06 Feb 2026 11:06 PM (IST)
Updated Date: Fri, 06 Feb 2026 11:08 PM (IST)

ਗਲਤ ਪਾਸਿਓਂ ਭੱਜਦਾ ਰਿਹਾ ਚੋਰ, ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਇੰਡਸਟ੍ਰੀਅਲ ਐਸਟੇਟ ਨੇੜੇ ਕੀਤਾ ਕਾਬੂ ਸੁਖਵਿੰਦਰ ਬੱਗਾ, ਜਲੰਧਰ : ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਚੋਰੀ ਦੇ ਮੁਲਜ਼ਮ ਨੂੰ 35 ਮਿੰਟ ਤੱਕ ਪਿੱਛਾ ਕਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਆਟੋ ’ਚ ਚੋਰੀ ਕੀਤਾ ਗਿਆ ਸ਼ਟਰਿੰਗ ਦਾ ਸਾਮਾਨ ਲੈ ਕੇ ਭੱਜ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ, ਕੋਟ ਸਦੀਕ ਦੇ ਕਾਸ਼ੀ ਨਗਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਉਰਫ ਸੋਤੀ ਆਟੋ ’ਚ ਚੋਰੀ ਕੀਤਾ ਗਿਆ ਸ਼ਟਰਿੰਗ ਦਾ ਸਾਮਾਨ ਲੈ ਕੇ ਜਾ ਰਿਹਾ ਸੀ। ਪੁਲਿਸ ਨੂੰ ਵੇਖਦਿਆਂ ਹੀ ਉਸ ਨੇ ਆਟੋ ਨੂੰ ਤੇਜ਼ ਰਫਤਾਰ ਨਾਲ ਹੁਸ਼ਿਆਰਪੁਰ ਰੋਡ ਵੱਲ ਭੱਜਾ ਦਿੱਤਾ। ਪੁਲਿਸ ਟੀਮ ਨੇ ਤੁਰੰਤ ਪਿੱਛਾ ਸ਼ੁਰੂ ਕੀਤਾ। ਸ਼ੇਖੇ ਪਿੰਡ ਫਲਾਈਓਵਰ ਨੇੜੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਯੂ-ਟਰਨ ਲੈ ਕੇ ਲੰਬਾ ਪਿੰਡ ਚੌਕ ਵੱਲ ਭੱਜ ਗਿਆ। ਇਸ ਤੋਂ ਬਾਅਦ ਉਹ ਲੰਬਾ ਪਿੰਡ ਚੌਕ ਤੋਂ ਪੀਏਪੀ ਚੌਕ ਵੱਲ ਭੱਜਿਆ। ਪੁਲਿਸ ਲਗਾਤਾਰ ਪਿੱਛਾ ਕਰਦੀ ਰਹੀ। ਬਚਣ ਦੀ ਕੋਸ਼ਿਸ਼ ’ਚ ਮੁਲਜ਼ਮ ਨੇ ਲੰਬਾ ਪਿੰਡ ਫਲਾਈਓਵਰ ’ਤੇ ਗਲਤ ਪਾਸਿਓਂ ਪਠਾਨਕੋਟ ਵੱਲ ਆਟੋ ਦੌੜਾ ਲਿਆ। ਇਸ ਦੇ ਬਾਵਜੂਦ ਪੁਲਿਸ ਨੇ ਹਿੰਮਤ ਨਹੀਂ ਹਾਰੀ ਤੇ ਆਖਰਕਾਰ ਇੰਡਸਟ੍ਰੀਅਲ ਐਸਟੇਟ ਨੇੜੇ ਉਸਨੂੰ ਫੜ ਲਿਆ। ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਥਾਣੇ ਲਿਆਂਦਾ ਗਿਆ। ਥਾਣਾ ਡਵੀਜ਼ਨ ਨੰਬਰ 8 ਦੇ ਇੰਚਾਰਜ ਸਾਹਿਲ ਚੌਧਰੀ ਤੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। --- ਮੁਲਜ਼ਮ ’ਤੇ ਪਹਿਲਾਂ ਹੀ 34 ਮਾਮਲੇ ਦਰਜ ਪੁਲਿਸ ਰਿਕਾਰਡ ਮੁਤਾਬਕ ਅਸ਼ੋਕ ਕੁਮਾਰ ਉਰਫ ਸੋਤੀ ਖ਼ਿਲਾਫ਼ ਜਲੰਧਰ ਦੇ ਵੱਖ-ਵੱਖ ਥਾਣਿਆਂ ਦੇ ਨਾਲ-ਨਾਲ ਆਦਮਪੁਰ, ਫਗਵਾੜਾ ਤੇ ਕਪੂਰਥਲਾ ਸਿਟੀ ਥਾਣੇ ’ਚ ਕੁੱਲ 34 ਮਾਮਲੇ ਦਰਜ ਹਨ। ਉਹ ਪਹਿਲਾਂ ਕਪੂਰਥਲਾ ਤੇ ਗੁਰਦਾਸਪੁਰ ਜੇਲ੍ਹ ’ਚ ਸਜ਼ਾ ਵੀ ਕੱਟ ਚੁੱਕਾ ਹੈ। --- ਆਟੋ ’ਤੇ ਨਹੀਂ ਸੀ ਨੰਬਰ ਪਲੇਟ ਕਾਬਿਲੇਗ਼ੌਰ ਹੈ ਕਿ ਜਿਸ ਆਟੋ ’ਚ ਚੋਰੀ ਦਾ ਸਾਮਾਨ ਬਰਾਮਦ ਹੋਇਆ, ਉਸ ਦੇ ਅੱਗੇ ਤੇ ਪਿੱਛੇ ਕੋਈ ਨੰਬਰ ਪਲੇਟ ਨਹੀਂ ਲੱਗੀ ਸੀ। ਇਸੇ ਆਧਾਰ ’ਤੇ ਪੁਲਿਸ ਨੂੰ ਸ਼ੱਕ ਹੋਇਆ ਤੇ ਕਾਰਵਾਈ ਕੀਤੀ ਗਈ। ਪੁਲਿਸ ਦੀ ਇਸ ਕਾਰਵਾਈ ਦੀ ਸ਼ਹਿਰ ਸ਼ਲਾਘਾ ਹੋ ਰਹੀ ਹੈ।