ਬੇਢੰਗੀ ਪਾਰਕਿੰਗ ਕਾਰਨ ਦੁਕਾਨਦਾਰ ਤੇ ਰਾਹਗੀਰ ਪਰੇਸ਼ਾਨ
ਗੈਸ ਉਪਭੋਗਤਾ ਦੇ ਦੁਕਾਨਾਂ ਅੱਗੇ ਸਵੇਰੇ ਵਾਹਨ ਖੜਨਾ ਹੋਏ ਦੁਕਾਨਦਾਰ ਤੇ ਰਾਹਗੀਰ ਪਰੇਸ਼ਾਨ
Publish Date: Sat, 21 Mar 2026 06:58 PM (IST)
Updated Date: Sat, 21 Mar 2026 07:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਗੜ੍ਹਾ ਰੋਡ ਸਥਿਤ ਫਿਲੌਰ ਗੈਸ ਏਜੰਸੀ ਦੇ ਬਾਹਰ ਸਵੇਰੇ ਸਮੇਂ ਵਾਹਨਾਂ ਦੀ ਬੇਢੰਗੀ ਪਾਰਕਿੰਗ ਕਾਰਨ ਦੁਕਾਨਦਾਰਾਂ ਤੇ ਸਥਾਨਕ ਰਹਿਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੈਸ ਸਿਲੰਡਰ ਲੈਣ ਆਉਣ ਵਾਲੇ ਖਪਤਕਾਰ ਏਜੰਸੀ ਖੁੱਲ੍ਹਣ ਤੋਂ ਪਹਿਲਾਂ ਹੀ ਆ ਕੇ ਆਪਣੇ ਮੋਟਰਸਾਈਕਲ ਤੇ ਗੱਡੀਆਂ ਦੁਕਾਨਾਂ ਦੇ ਅੱਗੇ ਤੇ ਸੜਕ ’ਤੇ ਖੜ੍ਹੇ ਕਰ ਕੇ ਚਲੇ ਜਾਂਦੇ ਹਨ, ਜਿਸ ਨਾਲ ਆਵਾਜਾਈ ’ਚ ਰੁਕਾਵਟ ਪੈਦਾ ਹੁੰਦੀ ਹੈ। ਇਸ ਮੌਕੇ 112 ਦੇ ਇੰਚਾਰਜ ਲਖਵਿੰਦਰ ਸਿੰਘ ਨੇ ਵਾਹਨ ਚਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਵਾਹਨ ਸੜਕ ਕੰਢੇ ਢੰਗ ਨਾ ਖੜ੍ਹੇ ਕਰਨ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਾਕਿਯੂ ਦੋਆਬਾ ਦੇ ਆਗੂ ਕੁਲਦੀਪ ਸਿੰਘ ਜੌਹਲ ਲੰਬੜਦਾਰ, ਮਹਲਾ ਚੌਧਰੀਆਂ ਤੇ ਕਿਸਾਨ ਆਗੂ ਗੁਰਦੇਵ ਸਿੰਘ ਕੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੱਸਿਆ ਕਾਰਨ ਮੁਹੱਲਾ ਵਾਸੀਆਂ ਤੇ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਨੇ ਸਬੰਧਤ ਵਿਭਾਗ ਤੇ ਗੈਸ ਏਜੰਸੀ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਗੈਸ ਸਿਲੰਡਰਾਂ ਦੀ ਸਪਲਾਈ ਸਿੱਧੀ ਗੁਦਾਮ ਤੋਂ ਖਪਤਕਾਰਾਂ ਤੱਕ ਪਹੁੰਚਾਈ ਜਾਵੇ। ਇਸ ਸਬੰਧੀ ਜਦੋਂ ਗੈਸ ਏਜੰਸੀ ਸੰਚਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਖਪਤਕਾਰ ਆਨਲਾਈਨ ਬੁਕਿੰਗ ਕਰਦੇ ਹਨ ਪਰ ਸਿਸਟਮ ਬਿਜ਼ੀ ਹੋਣ ਕਰਕੇ ਉਹ ਸਵੇਰੇ 5 ਵਜੇ ਹੀ ਏਜੰਸੀ ’ਤੇ ਪਹੁੰਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਬੁਕਿੰਗ ਕਰਵਾਉਣ ਵਾਲਿਆਂ ਨੂੰ ਹੀ ਸਿਲੰਡਰ ਦਿੱਤਾ ਜਾਂਦਾ ਹੈ ਤੇ ਟ੍ਰੈਫਿਕ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।