ਦੋ ਦਿਨ ਬੰਦ ਮਕਾਨ ’ਚ ਰਹਿ ਕੇ ਖਾਣ-ਪੀਣ ਮਗਰੋਂ ਕੀਤੀ ਚੋਰੀ
ਜਲੰਧਰ ’ਚ ਹੈਰਾਨ ਕਰਨ ਵਾਲੀ ਚੋਰੀ
Publish Date: Sun, 05 Apr 2026 08:17 PM (IST)
Updated Date: Mon, 06 Apr 2026 04:11 AM (IST)

- ਲੱਖਾਂ ਦਾ ਸਾਮਾਨ ਤੇ ਹਜ਼ਾਰਾਂ ਦੀ ਨਕਦੀ ’ਤੇ ਕੀਤਾ ਹੱਥ ਸਾਫ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਥਾਣਾ ਬਸਤੀ ਬਾਵਾ ਖੇਲ ਇਲਾਕੇ ’ਚ ਪੈਂਦੇ ਤਾਰਾ ਸਿੰਘ ਐਵਨਿਊ ’ਚ ਚੋਰੀ ਦੀ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਚੋਰਾਂ ਨੇ ਇਕ ਬੰਦ ਮਕਾਨ ਦੇ ਅੰਦਰ ਰਹਿ ਕੇ ਆਰਾਮ ਨਾਲ ਮਕਾਨ ਅੰਦਰ ਰੋਟੀ ਬਣਾਈ, ਖਾਧੀ ਤੇ ਬਾਅਦ ’ਚ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਤਾਰਾ ਸਿੰਘ ਐਵੇਨਿਊ ’ਚ ਸਥਿਤ ਇਕ ਮਕਾਨ ਦੇ ਮਾਲਕ ਪਿਛਲੇ ਕਾਫੀ ਸਮੇਂ ਤੋਂ ਇਕ ਦੂਜੇ ਸ਼ਹਿਰ ’ਚ ਗਏ ਹੋਏ ਹਨ ਤੇ ਘਰ ਨੂੰ ਤਾਲਾ ਲੱਗਾ ਹੋਇਆ ਹੈ। ਉਨਾਂ ਨੂੰ ਬੀਤੇ ਦਿਨੀ ਗੁਆਂਢੀਆਂ ਵੱਲੋਂ ਘਰ ਦੇ ਤਾਲੇ ਟੁੱਟੇ ਹੋਏ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪਰਿਵਾਰ ਵਾਪਸ ਤਾਰਾ ਸਿੰਘ ਐਵੇਨਿਊ ਪਹੁੰਚਿਆ। ਜਦ ਉਨ੍ਹਾਂ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਸੀਸੀਟੀਵੀ ਫੁਟੇਜ ’ਚ ਇਕ ਨੌਜਵਾਨ ਇਮਾਰਤ ’ਚ ਦਾਖਲ ਹੁੰਦੇ ਸਾਫ਼ ਦਿਖਾਈ ਦੇ ਰਿਹਾ ਹੈ। ਪਰਿਵਾਰ ਦੇ ਅਨੁਸਾਰ, ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਲਗਭਗ 10,000 ਰੁਪਏ ਦੀ ਨਕਦੀ, ਦੋ ਗੈਸ ਸਿਲੰਡਰ, ਬਿਜਲੀ ਦੇ ਉਪਕਰਨ, ਮਹਿੰਗੇ ਬਾਥਰੂਮ ਫਿਟਿੰਗ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਘਟਨਾ ਦਾ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਇਹ ਸੀ ਕਿ ਚੋਰਾਂ ਨੇ ਘਰ ਨੂੰ ਇਕ ਅਸਥਾਈ ਛੁਪਣਗਾਹ ’ਚ ਬਦਲ ਦਿੱਤਾ। ਆਪਣੇ ਠਹਿਰਨ ਦੌਰਾਨ ਉਨ੍ਹਾਂ ਘਰ ਅੰਦਰ ਖਾਣਾ ਪਕਾਇਆ, ਚਿਕਨ ਤਿਆਰ ਕੀਤਾ ਤੇ ਚਾਹ ਬਣਾਈ। ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਵਰਤੇ ਗਏ ਭਾਂਡਿਆਂ ਨੂੰ ਵੀ ਸਾਫ਼ ਕਰ ਕੇ ਰੱਖ ਦਿੱਤਾ। ਹਾਲਾਂਕਿ, ਉਨ੍ਹਾਂ ਦੀ ਮੌਜੂਦਗੀ ਦਾ ਪਤਾ ਘਰ ਅੰਦਰ ਛੱਡੇ ਗਏ ਚਿਕਨ ਦੇ ਪੈਕੇਟਾਂ ਤੇ ਰਸੋਈ ਦੇ ਸਿੰਕ ’ਚ ਮਿਲੇ ਚਾਹ ਪੱਤਿਆਂ ਤੋਂ ਲੱਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਖਰੜ ’ਚ ਰਹਿ ਰਹੇ ਸੀ। ਉਨ੍ਹਾਂ ਨੂੰ 4 ਅਪ੍ਰੈਲ ਨੂੰ ਇਸ ਅਪਰਾਧ ਦਾ ਪਤਾ ਲੱਗਾ, ਜਦੋਂ ਉਹ ਆਪਣੇ ਗੁਆਂਢੀਆਂ ਤੋਂ ਮਿਲੀ ਸੂਚਨਾ ਤੋਂ ਬਾਅਦ ਘਰ ਵਾਪਸ ਆਏ। ਘਰ ਪਹੁੰਚਣ ਤੇ ਉਨ੍ਹਾਂ ਦੇਖਿਆ ਕਿ ਚੋਰਾਂ ਨੇ ਅਲਮਾਰੀਆਂ ਦੇ ਤਾਲੇ ਤੋੜ ਦਿੱਤੇ ਸਨ ਤੇ ਇਮਾਰਤ ਦੇ ਹਰ ਕੋਨੇ ’ਚ ਭੰਨ-ਤੋੜ ਕੀਤੀ ਸੀ। ਚੋਰੀ ਕਰਨ ਲਈ ਵਰਤਿਆ ਜਾਣ ਵਾਲਾ ਹਥੌੜਾ ਤੇ ਸਕ੍ਰਿਊਡ੍ਰਾਈਵਰ ਵੀ ਘਟਨਾ ਸਥਾਨ ਤੋਂ ਬਰਾਮਦ ਕੀਤਾ ਗਿਆ ਸੀ। ਸਥਾਨਕ ਵਾਸੀਆਂ ਦਾ ਦਾਅਵਾ ਹੈ ਕਿ ਚੋਰਾਂ ਨੇ ਆਸ-ਪਾਸ ਦੇ ਹੋਰ ਘਰਾਂ ’ਚ ਵੀ ਭੰਨ-ਤੋੜ ਕੀਤੀ ਸੀ। ਇਨ੍ਹਾਂ ਘਟਨਾਵਾਂ ਦੇ ਸਬੰਧ ’ਚ ਇਕ ਸ਼ੱਕੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਬਸਤੀ ਬਾਵਾ ਖੇਲ ਦੀ ਪੁਲਿਸ ਦੇ ਰਵੱਈਏ ਤੋਂ ਸਖ਼ਤ ਅਸੰਤੁਸ਼ਟੀ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਨਾਂ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਵਿਅਕਤੀਆਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।