ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸਹਿਯੋਗ ਜ਼ਰੂਰੀ : ਐੱਸਐੱਚਓ
ਐੱਸਐੱਚਓ ਗੁਰਾਇਆ ਪਰਮਿੰਦਰ ਸਿੰਘ ਥਿੰਦ ਵੱਲੋਂ ਪੱਤਰਕਾਰਾਂ ਨਾਲ ਪ੍ਰੈੱਸ ਵਾਰਤਾ
Publish Date: Sat, 14 Mar 2026 06:50 PM (IST)
Updated Date: Sat, 14 Mar 2026 06:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਇਲਾਕੇ ’ਚ ਨਸ਼ੇ ਦੇ ਤਸਕਰਾਂ ਤੇ ਗੁੰਡਾ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਐੱਸਐੱਚਓ ਗੁਰਾਇਆ ਪਰਮਿੰਦਰ ਸਿੰਘ ਥਿੰਦ ਨੇ ਪੱਤਰਕਾਰਾਂ ਨਾਲ ਕੀਤੀ ਪ੍ਰੈੱਸ ਵਾਰਤਾ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਖ਼ਤ ਹੁਕਮ ਹਨ ਕਿ ਆਪੋ-ਆਪਣੇ ਖੇਤਰਾਂ ’ਚ ਕਾਨੂੰਨ ਦੀ ਪੂਰੀ ਤਰ੍ਹਾਂ ਪਾਲਣਾ ਕਰਵਾਈ ਜਾਵੇ। ਕਿਸੇ ਵੀ ਤਰ੍ਹਾਂ ਦੀ ਨਸ਼ੇ ਦੀ ਤਸਕਰੀ, ਗੁੰਡਾਗਰਦੀ, ਮੋਟਰਸਾਈਕਲਾਂ ਤੇ ਪਟਾਕੇ ਮਾਰਨਾ ਤੇ ਟਰੈਕਟਰਾਂ ’ਤੇ ਉੱਚੀ ਆਵਾਜ਼ ’ਚ ਡੈੱਕ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਪਿੰਡ ਜਾਂ ਸ਼ਹਿਰ ’ਚ ਨਸ਼ਾ ਵੇਚਦਾ ਹੈ ਤਾਂ ਉਸ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਪੁਲਿਸ ਦਾ ਸਹਿਯੋਗ ਕਰਨ ਤੇ ਆਪਣੇ ਵਾਹਨਾਂ ਨੂੰ ਸੜਕਾਂ ਦੀ ਬਜਾਏ ਪਾਰਕਿੰਗ ਥਾਵਾਂ ’ਤੇ ਹੀ ਖੜ੍ਹਾ ਕਰਨ।