ਅਕਾਲੀ ਦਲ ਦਾ ਪ੍ਰਧਾਨ ਪੰਥਕ ਪ੍ਰੰਪਰਾਵਾਂ ਤੋਂ ਉੱਕਾ ਹੀ ਅਣਜਾਣ : ਜਥੇਦਾਰ ਵਡਾਲਾ
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪੰਥਕ ਪ੍ਰੰਪਰਾਵਾਂ, ਧਾਰਮਿਕ
Publish Date: Tue, 07 Apr 2026 07:44 PM (IST)
Updated Date: Wed, 08 Apr 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੁਖਬੀਰ ਸਿੰਘ ਬਾਦਲ ਜੋ ਇਹ ਕਹਿ ਰਿਹਾ ਹੈ ਕਿ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਹੋਏ ਹਨ, ਉਹ ਇਕ ਸਾਜਿਸ਼ ਸੀ ਤੇ ਮੈਨੂੰ ਮਰਵਾਉਣ ਦੀ ਕੋਸ਼ਿਸ਼ ਸੀ। ਉਸ ਦੇ ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਇਕ ਅਖੌਤੀ ਪੰਥਕ ਪਾਰਟੀ ਦਾ ਪ੍ਰਧਾਨ ਹੋਣ ਦੇ ਬਾਵਜੂਦ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ, ਪਰੰਪਰਾਵਾਂ ਤੇ ਮਰਿਆਦਾ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ’ਚ ਕੀਤਾ। ਉਨਾਂ ਕਿਹਾ ਦੋ ਦਸੰਬਰ ਨੂੰ ਅਕਾਲੀ ਸਰਕਾਰਾਂ ’ਤੇ ਲੱਗੇ ਸਾਰੇ ਇਲਜ਼ਾਮ ਗੁਰੂ ਦੀ ਬਖਸ਼ਿਸ਼ ਨਾਲ ਧੋਤੇ ਗਏ ਸਨ ਜੇ ਸੁਖਬੀਰ ਸਾਰਾ ਕੁਝ ਸਿਰ ਝੁਕਾ ਕੇ ਮੰਨ ਲੈਂਦਾ ਪਰ ਉਹ ਮੁਕਤਸਰ ਦੀ ਧਰਤੀ ’ਤੇ ਜਾ ਕੇ ਸਾਰੇ ਕੁਝ ਤੋਂ ਮੁੱਕਰ ਗਿਆ। ਇਸ ਤਰ੍ਹਾਂ ਟੁੱਟੀ ਗੰਢਣ ਵਾਲੇ ਗੁਰੂ ਦੀ ਧਰਤੀ ਤੋਂ ਉਹ ਫਿਰ ਗੁਰੂ ਨੂੰ ਬੇਦਾਵਾ ਦੇ ਬੈਠਾ, ਜੇ ਉਹ ਸੱਚੇ ਮਨ ਨਾਲ ਸੇਵਾ ਕਰਦਾ ਤਾਂ ਸਾਰੇ ਗੁਨਾਹ ਬਖਸ਼ੇ ਗਏ ਸਨ ਅਤੇ ਗੁਰੂ ਵੱਲੋਂ ਬਖਸ਼ੇ ਹੋਏ ਨੂੰ ਲੋਕਾਂ ਨੇ ਵੀ ਪ੍ਰਵਾਨ ਕਰ ਲੈਣਾ ਸੀ। ਵਡਾਲਾ ਨੇ ਕਿਹਾ ਕਿ ਸੁਖਬੀਰ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਜੇ ਉਸਨੇ ਆਪਣੇ ’ਤੇ ਲੱਗੇ ਸਾਰੇ ਇਲਜ਼ਾਮ ਕਬੂਲ ਕਰ ਲਏ ਸਨ ਤਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਉਸਦੀ ਹੱਥ ਦੇ ਕੇ ਰੱਖਿਆ ਕੀਤੀ ਤੇ ਚੱਲੀ ਗੋਲੀ ਉਸਨੂੰ ਛੂਹ ਵੀ ਨਹੀਂ ਸੀ ਸਕੀ ਪਰ ਉਸਦੇ ਚੇਲਿਆਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੀ ਬਜਾਏ ਇਹ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਦਰਬਾਰ ਸਾਹਿਬ ’ਤੇ ਗੋਲੀ ਚੱਲੀ ਹੈ। ਜੇ ਉਹ ਨਿਮਰਤਾ ’ਚ ਆ ਕੇ ਕਹਿ ਦਿੰਦਾ ਕਿ ਮੈਂ ਗੁਰੂ ਤੋਂ ਆਪਣੀ ਭੁੱਲ ਬਖਸ਼ਾ ਲਈ ਹੈ, ਹੁਣ ਮੈਨੂੰ ਸੰਗਤ ਵੀ ਮੁਆਫ ਕਰ ਦੇਵੇ। ਇੰਨੇ ਨਾਲ ਹੀ ਉਸਦੇ ਹੱਕ ’ਚ ਹਮਦਰਦੀ ਦੀ ਲਹਿਰ ਚੱਲ ਪੈਣੀ ਸੀ ਪਰ ਉਹ ਹੰਕਾਰ ਦੇ ਘੋੜੇ ’ਤੇ ਸਵਾਰ ਹੋ ਗਿਆ ਤੇ ਧਾਰਮਿਕ ਸਜ਼ਾ ਭੁਗਤਣ ਲਈ ਸੈਂਕੜੇ ਗੱਡੀਆਂ ਦੇ ਕਾਫਲੇ ’ਚ ਪਹੁੰਚਦਾ ਰਿਹਾ। ਵਡਾਲਾ ਨੇ ਕਿਹਾ ਕਿ ਗੁਰੂ ਹਰ ਗੱਲ ਯਾਦ ਰੱਖਦਾ ਹੈ। ਇਸੇ ਹੰਕਾਰ ਦੇ ਘੋੜੇ ’ਤੇ ਸਵਾਰ ਹੋ ਕੇ ਜਦੋਂ ਉਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਧਮਕਾਉਣ ਗਿਆ ਸੀ ਤਾਂ ਸਕੱਤਰੇਤ ’ਚ ਕੁਰਸੀ ਤੋਂ ਡਿੱਗ ਕੇ ਲੱਤ ਤੁੜਵਾ ਲਈ ਸੀ। ਉਹਨੂੰ ਇਹ ਪ੍ਰਤੱਖ ਕਰਾਮਾਤ ਦੀਆਂ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ। ਜਿਹੜੇ ਸਿੰਘ ਸਾਹਿਬਾਨ ਨੂੰ ਉਹ ਰੁਲਦੇ ਫਿਰਦੇ ਦੱਸ ਰਿਹਾ ਹੈ, ਉਨਾਂ ਨੂੰ ਤਾਂ ਹਰ ਜਗ੍ਹਾ ਸੰਗਤ ਮਾਣ-ਸਤਿਕਾਰ ਤੇ ਸਿਰੋਪਾਓ ਭੇਟ ਕਰਦੀ ਹੈ ਪਰ ਹੰਕਾਰੀ ਸੁਖਬੀਰ ਨੂੰ ਅੱਜ ਵੀ ਆਪਣੀਆਂ ਯੱਭਲੀਆਂ ਸੁਣਾਉਣ ਲਈ ਲੋਕਾਂ ਨੂੰ ਪੈਸੇ ਤੇ ਸ਼ਰਾਬ ਦੇ ਕੇ ਇਕੱਠਾ ਕਰਨਾ ਪੈਂਦਾ ਹੈ। ਵਡਾਲਾ ਨੇ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਵੀ ਕੀਤੀ, ਤਾਂ ਜੋ ਅਜਿਹੇ ਹੰਕਾਰਿਆਂ ਨੂੰ ਪੰਥਕ ਵਿਹੜੇ ’ਚੋਂ ਸਦਾ ਲਈ ਬਾਹਰ ਕੀਤਾ ਜਾ ਸਕੇ।