ਪੰਜਾਬ ’ਚ ਸ਼ੁਰੂ ਕੀਤੀ ਜਾਵੇ ਖਸ-ਖਸ ਦੀ ਖੇਤੀ : ਨਛੱਤਰ ਸਿੰਘ
ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
Publish Date: Fri, 10 Apr 2026 06:56 PM (IST)
Updated Date: Fri, 10 Apr 2026 06:59 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਵੱਲੋਂ ਸੂਬਾ ਪ੍ਰਧਾਨ ਭਾਈ ਨਛੱਤਰ ਸਿੰਘ ਦੀ ਅਗਵਾਈ ਹੇਠ 10 ਸੂਤਰੀ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਇਹ ਮੰਗ ਪੱਤਰ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਮ ਭੇਜਿਆ ਗਿਆ। ਇਸ ਮੌਕੇ ਇਨਸਾਫ ਟੀਮ ਪੰਜਾਬ ਵੱਲੋਂ ਕੁਲਵੰਤ ਸਿੰਘ ਪੱਡਾ (ਜ਼ਿਲ੍ਹਾ ਪ੍ਰਧਾਨ, ਜਲੰਧਰ), ਸੁਖਦੀਪ ਸਿੰਘ (ਮੀਤ ਪ੍ਰਧਾਨ) ਤੇ ਅੰਨਦਾਤਾ ਕਿਸਾਨ ਯੂਨੀਅਨ ਦੇ ਆਗੂ ਵੀ ਹਾਜ਼ਰ ਰਹੇ। ਆਗੂਆਂ ਨੇ ਆਪਣੀਆਂ ਮੰਗਾਂ ਰੱਖਦਿਆਂ ਕਿਹਾ ਕਿ ਪੰਜਾਬ ’ਚ ਖਸਖਸ ਦੀ ਖੇਤੀ ਸ਼ੁਰੂ ਕੀਤੀ ਜਾਵੇ ਤਾਂ ਜੋ ਖੇਤੀ ਨੂੰ ਲਾਭਕਾਰੀ ਬਣਾਇਆ ਜਾ ਸਕੇ ਤੇ ਕਿਸਾਨਾਂ ਨੂੰ ਕਰਜ਼ੇ ਦੀ ਮਾਰ ਤੋਂ ਬਚਾਇਆ ਜਾ ਸਕੇ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਭੁੱਕੀ-ਅਫੀਮ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਤੇ ਮਜ਼ਦੂਰਾਂ ਦਾ ਸਮੂਹ ਕਰਜ਼ਾ ਮਾਫ ਕਰਨ ਤੇ ਸਰਕਾਰੀ ਤੇ ਨਿੱਜੀ ਬੈਂਕਾਂ ਨੂੰ ਸੈਟਲਮੈਂਟ ਸਕੀਮਾਂ ਲਾਗੂ ਕਰਨ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ’ਚ ਹੜ੍ਹ ਪੀੜਤਾਂ ਨੂੰ ਬਕਾਇਆ ਮੁਆਵਜ਼ਾ ਤੁਰੰਤ ਜਾਰੀ ਕਰਨ ਤੇ ਕੁਦਰਤੀ ਆਫ਼ਤਾਂ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਹੋਰ ਕਈ ਮੁੱਦੇ ਵੀ ਮੰਗ ਪੱਤਰ ’ਚ ਸ਼ਾਮਲ ਕੀਤੇ ਗਏ। ਇਸ ਮੌਕੇ ਮਨਪ੍ਰੀਤ ਸਿੰਘ ਮੰਨਾ (ਜ਼ਿਲ੍ਹਾ ਪ੍ਰਧਾਨ), ਹਰਿੰਦਰਜੀਤ ਸਿੰਘ (ਜ਼ਿਲ੍ਹਾ ਪ੍ਰਧਾਨ, ਜਲੰਧਰ ਸ਼ਹਿਰੀ), ਗੁਰਬਹਾਰ ਸਿੰਘ, ਬਲਵਿੰਦਰ ਸਿੰਘ, ਪ੍ਰਭਜੀਤ ਸਿੰਘ, ਸੁਖਵਿੰਦਰ ਸਿੰਘ, ਸਕੱਤਰ ਸਿੰਘ ਤੇ ਹਰਪਿੰਦਰ ਸਿੰਘ ਆਦਿ ਵੀ ਹਾਜ਼ਰ ਸਨ।