ਵਿਦਿਆਰਥਣ ਦੀ ਫੁਟੇਜ ਆਈ ਸਾਹਮਣੇ
ਸਕੂਲੋ ਇਕੱਲੀ ਆਟੋ ਰਾਹੀਂ ਫਲੈਟ ਪਹੁੰਚੀ
Publish Date: Sat, 14 Mar 2026 11:03 PM (IST)
Updated Date: Sat, 14 Mar 2026 11:06 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਜਲੰਧਰ ਹਾਈਟਸ ਅਪਾਰਟਮੈਂਟ ਕੰਪਲੈਕਸ ’ਚ ਇਕ 14 ਸਾਲਾ ਵਿਦਿਆਰਥਣ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਸ਼ੱਕੀ ਹਾਲਾਤ ’ਚ ਖੁਦਕੁਸ਼ੀ ਕਰ ਲਈ। ਵਿਦਿਆਰਥਣ ਦੀ ਪਛਾਣ ਭੂਮਿਕਾ ਵਜੋਂ ਹੋਈ ਹੈ, ਜੋ ਕਿ ਕੈਂਬ੍ਰਿਜ ਸਕੂਲ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਘਟਨਾ ਤੋਂ ਬਾਅਦ ਪਰਿਵਾਰ ਨੂੰ ਸ਼ੁਰੂ ਵਿੱਚ ਕਿਸੇ ਸਾਜ਼ਿਸ਼ ਦਾ ਸ਼ੱਕ ਸੀ ਹਾਲਾਂਕਿ ਹੁਣ ਸਾਹਮਣੇ ਆਈ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਹ ਮੰਨਿਆ ਜਾ ਰਿਹਾ ਹੈ ਕਿ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੈ। ਸੀਸੀਟੀਵੀ ਫੁਟੇਜ ’ਚ ਵਿਦਿਆਰਥਣ ਨੂੰ ਸਕੂਲ ’ਚੋਂ ਇਕੱਲੀ ਨਿਕਲਦੀ ਦਿਖਾਈ ਦਿੱਤੀ ਹੈ। ਬਾਅਦ ’ਚ ਉਹ ਇੱਕ ਆਟੋ-ਰਿਕਸ਼ਾ ਚ ਸਵਾਰ ਹੋ ਕੇ ਜਲੰਧਰ ਹਾਈਟਸ ਕੰਪਲੈਕਸ ਪੁੱਜਦੀ ਦਿਖਾਈ ਦੇ ਰਹੀ ਹੈ। ਪੁੱਜਣ ਤੇ ਵਿਦਿਆਰਥਣ ਛੇਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਛਾਲ ਮਾਰਨ ਤੋਂ ਪਹਿਲਾਂ ਸੁਰੱਖਿਆ ਗਾਰਡ ਨਾਲ ਸੰਖੇਪ ’ਚ ਗੱਲਬਾਤ ਕਰਦੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸ਼ੁਰੂ ’ਚ ਸਕੂਲ ਪ੍ਰਸ਼ਾਸਨ ਵੱਲੋਂ ਲਾਪਰਵਾਹੀ ਦਾ ਦੋਸ਼ ਲਾਇਆ ਸੀ, ਜਿਸ ਨਾਲ ਸ਼ੱਕ ਪੈਦਾ ਹੋਇਆ ਸੀ ਕਿ ਉਸ ਦੀ ਹੱਤਿਆ ਕੀਤੀ ਗਈ ਹੋ ਸਕਦੀ ਹੈ। ਪਰਿਵਾਰ ਨੇ ਦਲੀਲ ਦਿੱਤੀ ਕਿ ਸਕੂਲ ’ਚ ਵਿਦਿਆਰਥੀਆਂ ਲਈ ਢੁੱਕਵੇਂ ਸੁਰੱਖਿਆ ਉਪਾਅ ਨਹੀਂ ਸਨ। ਪਰਿਵਾਰਕ ਮੈਂਬਰਾਂ ਨੇ ਦੇਰ ਰਾਤ ਤੱਕ ਸਕੂਲ ਦੇ ਬਾਹਰ ਧਰਨਾ ਵੀ ਦਿੱਤਾ। ਮ੍ਰਿਤਕ ਲੜਕੀ ਦੇ ਚਾਚੇ ਭਾਰਤੀ ਅੰਗਰਾ ਨੇ ਦੱਸਿਆ ਕਿ ਸ਼ਾਮ 4:00 ਵਜੇ ਦੇ ਕਰੀਬ ਸਕੂਲ ਛੱਡਿਆ ਗਿਆ ਸੀ। ਸ਼ਾਮ 4:41 ਵਜੇ ਉਹ ਸਕੂਲ ਦੇ ਵਿਹੜੇ ’ਚੋਂ ਨਿਕਲ ਗਈ, ਇਕ ਆਟੋ-ਰਿਕਸ਼ਾ ਲੈ ਕੇ ਜਲੰਧਰ ਹਾਈਟਸ ਕੰਪਲੈਕਸ ਵੱਲ ਚਲੀ ਗਈ। ਕੰਪਲੈਕਸ ਪੁੱਜਣ ’ਤੇ ਉਸ ਨੇ ਸੁਰੱਖਿਆ ਗਾਰਡ ਨਾਲ ਗੱਲ ਕੀਤੀ ਤੇ ਫਿਰ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਬੱਚੀ ਤੋਂ ਮਿਲੇ ਇਕ ਸੁਸਾਈਡ ਨੋਟ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੀ ਜਾਨ ਦੇ ਰਹੀ ਹੈ ਕਿਉਂਕਿ ਉਹ ਦੋ ਵਿਸ਼ਿਆਂ ’ਚ ਫੇਲ੍ਹ ਹੋ ਗਈ ਸੀ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਉਸ ਤੇ ਕਿਸੇ ਵੀ ਤਰ੍ਹਾਂ ਦਾ ਵਿੱਦਿਅਕ ਦਬਾਅ ਨਹੀਂ ਸੀ। ਉਨ੍ਹਾਂ ਨੇ ਨੋਟ ਕੀਤਾ ਕਿ ਉਹ ਇਕ ਯੋਗ ਵਿਦਿਆਰਥਣ ਸੀ ਅਤੇ ਇਕ ਨਿਪੁੰਨ ਜ਼ਿਲ੍ਹਾ ਪੱਧਰੀ ਟੈਨਿਸ ਖਿਡਾਰੀ ਵੀ ਸੀ। ਥਾਣਾ ਸਦਰ ਦੇ ਐੱਸਐੱਚਓ ਸੰਜੀਵ ਸੂਰੀ ਨੇ ਪੁਸ਼ਟੀ ਕੀਤੀ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਦਿਆਰਥਣ ਸਕੂਲ ਤੋਂ ਜਲੰਧਰ ਹਾਈਟਸ ਕੰਪਲੈਕਸ ਤੱਕ ਆਟੋ-ਰਿਕਸ਼ਾ ਰਾਹੀਂ ਇਕੱਲੀ ਯਾਤਰਾ ਕੀਤੀ ਸੀ। ਉੱਥੋਂ, ਉਹ ਛੇਵੀਂ ਮੰਜ਼ਿਲ ’ਤੇ ਸਾਂਝੀ ਬਾਲਕੋਨੀ ’ਚ ਗਈ ਤੇ ਛਾਲ ਮਾਰ ਦਿੱਤੀ। ਸੀਸੀਟੀਵੀ ਫੁਟੇਜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ ਅਤੇ ਹੁਣ ਤੱਕ ਕੋਈ ਸ਼ੱਕੀ ਸਰਗਰਮੀ ਸਾਹਮਣੇ ਨਹੀਂ ਆਈ। ਉਸ ਨੇ ਕਿਹਾ ਕਿ ਲੜਕੀ ਬਾਲਕੋਨੀ ਦੀ ਕੰਧ ਤੇ ਬੈਠੀ ਸੀ ਅਤੇ ਉੱਥੋਂ ਛਾਲ ਮਾਰ ਦਿੱਤੀ। ਡਿੱਗਣ ਕਾਰਨ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਉਸ ਦੀ ਮੌਤ ਹੋ ਗਈ।