ਬਜਟ ’ਚ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੁਝ ਨਹੀਂ ਦਿੱਤਾ : ਪਿਆਰਾ ਸਿੰਘ
ਸ਼ਰਮ ਦੀ ਗੱਲ, ਬਜਟ ’ਚ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨੂੰ ਫੁੱਟੀ ਕੌਡੀ ਨਹੀਂ ਦਿੱਤੀ - ਪਿਆਰਾ ਸਿੰਘ
Publish Date: Sun, 15 Mar 2026 08:02 PM (IST)
Updated Date: Sun, 15 Mar 2026 08:03 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ
ਜਲੰਧਰ : ਪੰਜਾਬ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਮਕਸੂਦਾ ਜਲੰਧਰ ਵਿਖੇ ਪ੍ਰਧਾਨ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ 8 ਮਾਰਚ ਨੂੰ ਬਜਟ ਸੈਸ਼ਨ ਦੇ ਦੌਰਾਨ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੋਹਾਲੀ ’ਚ ਸੁਬਾਈ ਰੈਲੀ ’ਚ ਵੱਡੀ ਗਿਣਤੀ ’ਚ ਸ਼ਾਮਲ ਹੋ ਕੇ ਮਾਰਚ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਤੇ ਇਸ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਤਸੱਲੀ ਪ੍ਰਗਟਾਈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਮਨੋਹਰ ਲਾਲ ਅਨੁਸਾਰ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪਿਛਲੇ ਚਾਰ ਸਾਲਾਂ ਤੋਂ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਹੁਣ ਵੀ ਪੰਜਾਬ ਸਰਕਾਰ ਨੇ ਆਪਣੇ ਬਜਟ ’ਚ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ ਨੂੰ ਫੁੱਟੀ ਕੌਡੀ ਵੀ ਨਹੀਂ ਦਿੱਤੀ, ਜਿਸ ਕਾਰਨ ਪੈਨਸ਼ਨਰਾਂ ’ਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਤੇ ਗੁੱਸਾ ਹੈ।
ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ 16 ਫ਼ੀਸਦੀ ਡੀਏ ਤੇ ਪਿਛਲੇ ਡੀਏ ਦੇ ਬਕਾਏ ਨਹੀਂ ਦੇ ਰਹੀ। ਪੇ ਕਮਿਸ਼ਨ ਵੱਲੋਂ ਕੀਤੀ ਗਈ ਸਿਫਾਰਸ਼ ਅਨੁਸਾਰ 2.59 ਦਾ ਗੁਣਾਂਕ ਪੈਨਸ਼ਨਰਾਂ ਨੂੰ ਨਹੀਂ ਦੇ ਰਹੀ। ਪੈਨਸ਼ਨਰਾਂ ਦੇ ਹੱਕ ’ਚ ਦਿੱਤੇ ਕੋਰਟਾਂ ਦੇ ਫੈਸਲੇ ਲਾਗੂ ਨਹੀਂ ਕਰ ਰਹੀ। ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਬਿਜਲੀ ਬੋਰਡ, ਕਸ਼ਮੀਰੀ ਲਾਲ ਚੰਨ, ਸ਼ਾਮ ਸਿੰਘ, ਦੁਰਗਾ ਦਾਸ, ਚਰਨ ਮਸੀਹ, ਬਲਵਿੰਦਰ ਸਿੰਘ, ਨਿਰੰਜਨ ਦਾਸ, ਪ੍ਰੇਮ ਸਾਗਰ, ਜੋਗਿੰਦਰ ਸਿੰਘ ਮਕਸੂਦਾਂ, ਰਾਜਿੰਦਰ ਸਿੰਘ ਬੇਦੀ, ਜਸਪਾਲ ਸਿੰਘ ਕਰਤਾਰਪੁਰ, ਕਸ਼ਮੀਰ ਸਿੰਘ ਬੱਲ, ਰਾਕੇਸ਼ ਭੱਟੀ, ਸੰਤੋਖ ਸਿੰਘ, ਕੁਲਵੰਤ ਸਿੰਘ ਐੱਸਡੀਓ, ਸੁੱਖਵਿੰਰ ਕੁਮਾਰ ਤੇ ਹੋਰ ਸਾਥੀ ਸ਼ਾਮਲ ਸਨ।