Shahkot News : ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ 2 ਵਿਅਕਤੀਆਂ ਦੀ ਟਰਾਲੀ ਹੇਠਾਂ ਆਉਣ ਕਾਰਨ ਮੌਤ, ਪਤੀ- ਪਤਨੀ ਜ਼ਖ਼ਮੀ
ਹਾਦਸੇ 'ਚ ਜ਼ਖ਼ਮੀ ਕਾਲਾ ਰਾਮ ਤੇ ਰਾਣੀ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਐਬੂਲੈਂਸ ਰਾਹੀਂ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ, ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।
Publish Date: Mon, 13 Apr 2026 09:18 PM (IST)
Updated Date: Mon, 13 Apr 2026 09:56 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਲਸੀਆਂ ਦੇ ਲੋਹੀਆਂ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ 2 ਦੀ ਮੌਕੇ ਤੇ ਮੌਤ ਹੋ ਗਈ ਤੇ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ, ਜਦ ਕਿ ਇਕ ਬੱਚੀ ਹਾਦਸੇ 'ਚ ਵਾਲ-ਵਾਲ ਬਚ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ (32) ਪੁੱਤਰ ਗੁਰਮੇਜ, ਮੋਹਿਤ (22) ਪੁੱਤਰ ਪਰਮਜੀਤ ਦੋਵੇਂ ਵਾਸੀ ਲੋਹੀਆਂ ਖਾਸ, ਕਾਲਾਰਾਮ ਪੁੱਤਰ ਧਰਮ ਚੰਦ, ਰਾਣੀ ਪਤਨੀ ਕਾਲਾ ਰਾਮ, ਇਕ ਛੋਟੀ ਬੱਚੀ ਵਾਸੀ ਮਹੱਲਾ ਰਵਿਦਾਸਪੁਰਾ ਨਕੋਦਰ ਇਹ 5 ਵਿਅਕਤੀ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਲੋਹੀਆਂ ਤੋਂ ਨਕੋਦਰ ਜਾ ਰਹੇ ਸਨ, ਜਦ ਇਹ ਮਲਸੀਆਂ ਦੇ ਲੋਹੀਆਂ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਮੋਟਰਸਾਈਕਲ 'ਤੇ ਆ ਰਹੇ ਲਤੀਫ ਅਲੀ ਪੁੱਤਰ ਪਰਮਜੀਤ ਵਾਸੀ ਪੰਡੋਰੀ ਮੱਟੂਆ ਨਾਲ ਟਕਰਾਉਣ ਨਾਲ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਰਾਹੁਲ ਪੁੱਤਰ ਗੁਰਮੇਜ ਤੇ ਮੋਹਿਤ ਪੁੱਤਰ ਪਰਮਜੀਤ ਦੀ ਸ਼ਾਹਕੋਟ ਤੋਂ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਓਵਰਲੋਡ ਟਰਾਲੀ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਦਮ ਤੌੜ ਗਏ।
ਹਾਦਸੇ 'ਚ ਜ਼ਖ਼ਮੀ ਕਾਲਾ ਰਾਮ ਤੇ ਰਾਣੀ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਐਬੂਲੈਂਸ ਰਾਹੀਂ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ, ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਹਾਦਸੇ 'ਚ ਕਰੀਬ ਇਕ ਸਾਲ ਦੀ ਬੱਚੀ ਵਾਲ-ਵਾਲ ਬਚ ਗਈ। ਹਾਦਸੇ ਉਪਰੰਤ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਮਲਸੀਆਂ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਨਕੋਦਰ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜਿਹਨਾਂ ਦਾ ਸੋਮਵਾਰ ਨੂੰ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਰਾਹੁਲ ਦੇ ਪਿਤਾ ਗੁਰਮੇਜ ਦੇ ਬਿਆਨਾਂ 'ਤੇ ਟਰੈਕਟਰ-ਟਰਾਲੀ ਚਾਲਕ ਖਿਲਾਫ ਧਾਰਾ 304 ਅਧੀਨ ਪਰਚਾ ਦਰਜ ਕਰਕੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।