ਹਸਪਤਾਲ ’ਚ ਸੀਵਰੇਜ ਪਾਉਣ ਦਾ ਕੰਮ ਬੰਦ, ਟੋਇਆਂ ਕਾਰਨ ਲੋਕ ਪਰੇਸ਼ਾਨ
ਹਸਪਤਾਲ ’ਚ ਸੀਵਰੇਜ ਪਾਉਣ ਦਾ ਕੰਮ ਬੰਦ, ਟੋਇਆਂ ਕਾਰਨ ਲੋਕ ਪਰੇਸ਼ਾਨ
Publish Date: Fri, 20 Feb 2026 07:26 PM (IST)
Updated Date: Fri, 20 Feb 2026 07:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਰਾਜ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ’ਚ ਲੋਕਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਸਿਵਲ ਹਸਪਤਾਲ ’ਚ ਪਿਛਲੇ ਛੇ ਮਹੀਨੇ ਤੋਂ ਵੱਧ ਸਮੇਂ ਤੋਂ ਸੀਵਰੇਜ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ। ਹਸਪਤਾਲ ’ਚ ਵਿਕਾਸ ਕਾਰਜ ਪੂਰਾ ਕਰਨ ਲਈ ਨਿਰਧਾਰਤ ਸਮਾਂ ਸਮਾਪਤ ਹੋਣ ਦੇ ਬਾਵਜੂਦ ਕੰਮ ਲਟਕਿਆ ਹੋਇਆ ਹੈ। ਹਸਪਤਾਲ ’ਚ ਥਾਂ-ਥਾਂ ਟੋਏ ਤੇ ਟੁੱਟੀਆਂ ਸੜਕਾਂ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਉਥੋਂ ਲੰਘਣ ਵਾਲਿਆਂ ਲਈ ਟੋਇਆਂ ’ਚ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਮਾਮਲੇ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਗੰਭੀਰ ਨਹੀਂ ਦਿਸ ਰਿਹਾ। ਪ੍ਰਸ਼ਾਸਨ ਵੱਲੋਂ ਠੇਕੇਦਾਰ ਨਾਲ ਵਾਰ-ਵਾਰ ਕੰਮ ਪੂਰਾ ਕਰਨ ਲਈ ਤਾਲਮੇਲ ਕੀਤਾ ਜਾ ਰਿਹਾ ਹੈ ਪਰ ਨਤੀਜਾ ਸਿਫ਼ਰ ਹੈ। ਸਿਵਲ ਹਸਪਤਾਲ ਦੇ ਮੋਰਚਰੀ, ਜੱਚਾ-ਬੱਚਾ ਕੇਂਦਰ ਤੇ ਪਾਰਕ ਦੇ ਆਲੇ-ਦੁਆਲੇ ਸੀਵਰੇਜ ਪਾਈਪ ਪਾਉਣ ਲਈ ਠੇਕੇਦਾਰ ਵੱਲੋਂ ਵੱਡੇ-ਵੱਡੇ ਟੋਏ ਪੁੱਟਦਿੱਤੇ ਗਏ ਹਨ। ਫਿਲਹਾਲ ਇਨ੍ਹਾਂ ’ਚ ਪਾਈਪ ਨਹੀਂ ਪਾਈ ਗਈ ਤੇ ਗੰਦਾ ਪਾਣੀ ਖੜ੍ਹਾ ਹੋਇਆ ਹੈ ਜੋ ਮਰੀਜ਼ਾਂ ਦੀ ਸਿਹਤ ਲਈ ਖਤਰਾ ਬਣ ਰਿਹਾ ਹੈ। ਲਗਪਗ ਚਾਰ ਫੁੱਟ ਡੂੰਘੇ ਟੋਇਆਂ ਤੇ ਆਲੇ-ਦੁਆਲੇ ਪਈ ਮਿੱਟੀ ਦੇ ਢੇਰ ਕਾਰਨ ਉਥੋਂ ਲੰਘਣ ਵਾਲਿਆਂ ਨੂੰ ਡਿੱਗਣ ਦਾ ਖਤਰਾ ਹੈ। ਲੋਕਾਂ ਤੇ ਸਟਾਫ ਨੂੰ ਵਾਹਨ ਖੜ੍ਹੇ ਕਰਨ ’ਚ ਵੀ ਮੁਸ਼ਕਲ ਆ ਰਹੀ ਹੈ। ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੋਰਚਰੀ, ਜੱਚਾ-ਬੱਚਾ ਕੇਂਦਰ, ਲੰਗਰ ਲਈ ਪਾਰਕ ਤੇ ਸਿਵਲ ਸਰਜਨ ਦੇ ਦਫ਼ਤਰ ਜਾਣ ’ਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ’ਚ ਦਾਖ਼ਲ ਮਰੀਜ਼ ਦੀ ਸਬੰਧੀ ਆਰਤੀ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਸ਼ਾਮ ਨੂੰ ਬੱਚਿਆਂ ਨਾਲ ਵਾਰਡ ’ਚ ਜਾ ਰਹੀ ਸੀ। ਸੈਂਟਰ ਕੋਲ ਟੋਇਆਂ ਤੇ ਵੱਡੇ ਪੱਥਰਾਂ ਕਾਰਨ ਉਸ ਨੂੰ ਲੰਮਾ ਚੱਕਰ ਕੱਟ ਕੇ ਪੁੱਜਣਾ ਪਿਆ। ਉਥੋਂ ਲੰਘ ਰਹੀ ਇਕ ਹੋਰ ਔਰਤ ਹਨੇਰੇ ਕਾਰਨ ਟੋਏ ’ਚ ਡਿੱਗਣ ਤੋਂ ਬਚ ਗਈ। ਆਟੋ ਰਿਕਸ਼ਾ ਚਾਲਕ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਅਕਸਰ ਜੱਚਾ-ਬੱਚਾ ਕੇਂਦਰ ’ਚ ਸਵਾਰੀਆਂ ਛੱਡਣ ਤੇ ਲੈਣ ਆਉਂਦਾ ਹੈ। ਮੋਰਚਰੀ ਤੋਂ ਜੱਚਾ-ਬੱਚਾ ਕੇਂਦਰ ਤੇ ਪਾਰਕ ਵੱਲ ਜਾਣ ਵਾਲਾ ਰਸਤਾ ਟੋਇਆਂ ਕਾਰਨ ਖਤਰੇ ਨਾਲ ਭਰਿਆ ਹੈ। ਉਸਦਾ ਆਟੋ ਦੋ ਵਾਰ ਪਲਟਣ ਤੋਂ ਬਚਿਆ। ਇਸ ਇਲਾਕੇ ’ਚ ਪਾਰਕਿੰਗ ਲਈ ਵੀ ਥਾਂ ਨਹੀਂ ਮਿਲਦੀ। ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨਮੀਤਾ ਘਈ ਨੇ ਕਿਹਾ ਕਿ ਕਾਫ਼ੀ ਹੱਦ ਤੱਕ ਕੰਮ ਮੁਕੰਮਲ ਹੋ ਚੁੱਕਾ ਹੈ, ਕੁਝ ਹਿੱਸੇ ’ਚ ਕੰਮ ਬੰਦ ਪਿਆ ਹੈ। ਇਸ ਸਬੰਧ ’ਚ ਠੇਕੇਦਾਰ ਨੂੰ ਬੁਲਾ ਕੇ ਕੰਮ ਜਲਦ ਪੂਰਾ ਕਰਵਾਇਆ ਜਾਵੇਗਾ, ਜਿਸ ਨਾਲ ਸਮੱਸਿਆ ਦਾ ਹੱਲ ਹੋਵੇਗਾ।