ਮੈਨਹੋਲਾਂ ਨੂੰ ਉੱਚੇ ਕੀਤੇ ਬਿਨਾਂ ਸੜਕ ਨਾ ਬਣਾਈ ਜਾਵੇ : ਮੇਅਰ
ਮਹਾਵੀਰ ਮਾਰਗ ’ਤੇ ਸੀਵਰੇਜ ਮੈਨਹੋਲ 10 ਸਾਲ ਤੋਂ ਸੜਕ ਹੇਠ
Publish Date: Mon, 09 Mar 2026 08:57 PM (IST)
Updated Date: Mon, 09 Mar 2026 09:00 PM (IST)

--ਮੇਅਰ ਨੇ ਨਿਰਮਾਣ ਕੰਮ ਦੀ ਮਾਨੀਟਰਿੰਗ ਕੀਤੀ, ਲੁੱਕ-ਬਜਰੀ ਦੇ ਸੈਂਪਲ ਵੀ ਭਰਵਾਏ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਮੇਅਰ ਵਨੀਤ ਧੀਰ ਨੇ ਸੋਮਵਾਰ ਨੂੰ ਮਹਾਵੀਰ ਮਾਰਗ ’ਤੇ ਚੱਲ ਰਹੇ ਸੜਕ ਨਿਰਮਾਣ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਲਗਪਗ 6 ਮੈਨਹੋਲ ਅਜਿਹੇ ਮਿਲੇ ਜੋ 10 ਸਾਲ ਤੋਂ ਵੱਧ ਸਮੇਂ ਤੋਂ ਸੜਕ ਹੇਠ ਦੱਬੇ ਹੋਏ ਹਨ। ਮੇਅਰ ਨੇ ਨਿਰਦੇਸ਼ ਦਿੱਤਾ ਕਿ ਇਨ੍ਹਾਂ ਮੈਨਹੋਲਾਂ ਨੂੰ ਉੱਚਾ ਕੀਤੇ ਬਿਨਾਂ ਸੜਕ ਦਾ ਨਿਰਮਾਣ ਨਾ ਕੀਤਾ ਜਾਵੇ। ਮੇਅਰ ਵਨੀਤ ਧੀਰ ਨੇ ਸੜਕ ਨਿਰਮਾਣ ’ਚ ਵਰਤੇ ਜਾ ਰਹੇ ਮਟੀਰੀਅਲ ਦੀ ਵੀ ਜਾਂਚ ਕੀਤੀ ਤੇ ਨਿਗਮ ਟੀਮ ਤੋਂ ਉਸਦੇ ਸੈਂਪਲ ਵੀ ਭਰਵਾਏ। ਮੇਅਰ ਕਰੀਬ ਇਕ ਘੰਟਾ ਮਹਾਵੀਰ ਮਾਰਗ ’ਤੇ ਰਹੇ ਤੇ ਨਿਰਮਾਣ ਕੰਮ ਦੀ ਮਾਨੀਟਰਿੰਗ ਕਰਦੇ ਰਹੇ। ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਸ਼ਹਿਰ ਦੀ ਮੁੱਖ ਸੀਵਰੇਜ ਲਾਈਨ ਦੇ ਮੈਨਹੋਲ ਸੜਕ ਹੇਠ ਦੱਬੇ ਹੋਏ ਹਨ ਤੇ ਇਸ ਵਾਰ ਵੀ ਮੈਨਹੋਲ ਉੱਚੇ ਕੀਤੇ ਬਿਨਾਂ ਹੀ ਸੜਕ ਬਣਾਉਣ ਦੀ ਤਿਆਰੀ ਸੀ। ਉਨ੍ਹਾਂ ਕਿਹਾ ਕਿ ਮੈਨਹੋਲ ਦੱਬੇ ਰਹਿਣ ਕਰਕੇ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਸਫਾਈ ਨਹੀਂ ਹੋ ਸਕਦੀ, ਜਿਸ ਕਾਰਨ ਕਈ ਵਾਰ ਸੀਵਰੇਜ ਸਿਸਟਮ ਬਲਾਕ ਹੋ ਜਾਂਦਾ ਹੈ। ਮੌਕੇ ’ਤੇ ਹੀ ਇਕ ਮੈਨਹੋਲ ਬਾਹਰ ਕਢਵਾਇਆ, ਜੋ ਲਗਭਗ 8 ਇੰਚ ਤੱਕ ਹੇਠਾਂ ਦੱਬਿਆ ਹੋਇਆ ਸੀ। ਮੈਨਹੋਲ ਦੇ ਢੱਕਣ ’ਤੇ ਤਿੰਨ ਵਾਰ ਸੜਕ ਦੀ ਲੇਅਰ ਪਾਈ ਜਾ ਚੁੱਕੀ ਹੈ ਤੇ ਹੁਣ ਚੌਥੀ ਵਾਰ ਸੜਕ ਬਣਾਉਣ ਦੀ ਤਿਆਰੀ ਸੀ। ਮੇਅਰ ਨੇ ਕਿਹਾ ਕਿ ਇਹ ਸੜਕ ਸ਼ਹਿਰ ਦੀ ਲਾਈਫਲਾਈਨ ਹੈ ਤੇ ਇਸਦਾ ਨਿਰਮਾਣ ਪੂਰੀ ਕੁਆਲਟੀ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਨਿਰਦੇਸ਼ ’ਤੇ ਨਿਗਮ ਟੀਮ ਨੇ ਨਿਰਮਾਣ ਲਈ ਵਰਤੀ ਜਾ ਰਹੀ ਲੁੱਕ-ਬਜਰੀ ਦੇ ਤਿੰਨ-ਚਾਰ ਥਾਵਾਂ ਤੋਂ ਸੈਂਪਲ ਵੀ ਲਏ। ਇਸ ਸੜਕ ਦਾ ਨਿਰਮਾਣ ਪੂਰਾ ਹੋਣ ’ਚ ਲਗਭਗ 15 ਦਿਨ ਹੋਰ ਲੱਗ ਸਕਦੇ ਹਨ। ਇਸਦੇ ਨਾਲ ਹੀ ਗੁਰੂ ਤੇਗ ਬਹਾਦਰ ਨਗਰ ਦੀ ਸੜਕ ਦਾ ਨਿਰਮਾਣ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਹਨ ਕਿ ਅਗਲੇ 45 ਦਿਨਾਂ ਵਿੱਚ ਸ਼ਹਿਰ ਦੀਆਂ ਖਰਾਬ ਸੜਕਾਂ ਦਾ ਨਿਰਮਾਣ ਪੂਰਾ ਕੀਤਾ ਜਾਵੇ। ਨਿਗਮ ਨੇ ਇਸ ਸਮੇਂ ਦੌਰਾਨ ਕਰੀਬ 100 ਸੜਕਾਂ ਬਣਾਉਣੀਆਂ ਹਨ। ਸੋਮਵਾਰ ਦੀ ਕਾਰਵਾਈ ਦੌਰਾਨ ਮੇਅਰ ਦੇ ਨਾਲ ਬੀਐਂਡਆਰ ਐਡਹਾਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਲਾਡਾ, ਆਪ ਨੇਤਾ ਸੌਰਭ ਸੇਠ ਤੇ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਨਿਰਮਾਣ ਦੌਰਾਨ ਟ੍ਰੈਫਿਕ ਮੈਨੇਜਮੈਂਟ ਲਈ ਵਿਕਲਪ ਬਣਾਏ ਜਾਣ ਤੇ ਟ੍ਰੈਫਿਕ ਪੁਲਿਸ ਨਾਲ ਵੀ ਤਾਲਮੇਲ ਰੱਖਿਆ ਜਾਵੇ ਤਾਂ ਜੋ ਫੁੱਟਬਾਲ ਚੌਕ ਤੇ ਡਾ. ਅੰਬੇਡਕਰ ਚੌਕ ‘ਤੇ ਟ੍ਰੈਫਿਕ ਸੁਚਾਰੂ ਰਹੇ। ਚੇਅਰਮੈਨ ਹਰਜਿੰਦਰ ਸਿੰਘ ਲਾਡਾ ਨੇ ਮਜ਼ਬੂਤ ਤੇ ਟਿਕਾਊ ਇਨਫ੍ਰਾਸਟ੍ਰਕਚਰ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਸੜਕ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਲੋਕਾਂ ਨੂੰ ਆਸਾਨ ਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲ ਸਕੇ। ------------------------ ਜੇਪੀ ਨਗਰ ਰੋਡ ਸਮੇਤ ਕਈ ਸੜਕਾਂ ਦਾ ਨਿਰਮਾਣ ਜਲਦੀ ਸ਼ੁਰੂ ਨਗਰ ਨਿਗਮ ਅਗਲੇ ਇਕ ਹਫ਼ਤੇ ’ਚ ਕਈ ਸੜਕਾਂ ਦਾ ਨਿਰਮਾਣ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਇਨ੍ਹਾਂ ’ਚ ਸਭ ਤੋਂ ਮਹੱਤਵਪੂਰਨ ਜੇਪੀ ਨਗਰ ਰੋਡ ਹੈ, ਜੋ ਪਿਛਲੇ ਕਰੀਬ 5 ਮਹੀਨਿਆਂ ਤੋਂ ਬਹੁਤ ਖਰਾਬ ਹਾਲਤ ’ਚ ਹੈ। ਸਿਆਲਾਂ ਤੋਂ ਪਹਿਲਾਂ ਇਸ ਸੜਕ ਦਾ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਗਲੀਆਂ ਬਣਾਈਆਂ ਗਈਆਂ ਸਨ। ਲਗਪਗ 100 ਫੁੱਟ ਲੰਬੀ ਸੀਵਰੇਜ ਲਾਈਨ ਵੀ ਪਾਈ ਗਈ ਤੇ ਦੋ ਮੈਨਹੋਲ ਬਣਾਏ ਗਏ। ਇਸ ਕਾਰਨ ਸੜਕ ਕਈ ਥਾਵਾਂ ਤੋਂ ਟੁੱਟੀ ਹੋਈ ਹੈ। ਇਸ ਸੜਕ ਦੇ ਨਿਰਮਾਣ ’ਤੇ ਕਰੀਬ 58 ਲੱਖ ਰੁਪਏ ਖਰਚ ਹੋਣਗੇ। ਇਸ ਤੋਂ ਇਲਾਵਾ ਗਦਈਪੁਰ, ਸ਼ਿਵ ਨਗਰ, ਸੰਤੋਸ਼ੀ ਨਗਰ, ਕਬੀਰ ਨਗਰ, ਸੁਭਾਸ਼ ਨਗਰ, ਕਿਲ੍ਹਾ ਮੁਹੱਲਾ, ਜਗਤਪੁਰਾ, ਸੰਤੋਖਪੁਰਾ, ਵਿਵੇਕ ਨਗਰ, ਗਲੋਬ ਕਾਲੋਨੀ, ਰਾਮਾ ਮੰਡੀ ਦੇ ਵਾਰਡ ਨੰਬਰ 10 ਤੇ 12, ਤਿਲਕ ਨਗਰ, ਕਾਂਸ਼ੀ ਨਗਰ, ਮਿੱਠੂ ਬਸਤੀ, ਉੱਤਮ ਸਿੰਘ ਨਗਰ ਤੇ ਕੋਟ ਸਦੀਕ ਸਮੇਤ ਕਈ ਸੜਕਾਂ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ।