ਗਦਈਪੁਰ ’ਚ ਸੀਵਰੇਜ ਮੈਨਹੋਲ ਧੱਸਿਆ
ਗਦਈਪੁਰ ’ਚ ਸੀਵਰੇਜ ਮੈਨਹੋਲ ਧੱਸਿਆ, ਸੜਕ ਦੇ ਵਿਚਕਾਰ ਬਣਿਆ ਡੂੰਘਾ ਟੋਇਆ
Publish Date: Wed, 11 Feb 2026 10:50 PM (IST)
Updated Date: Wed, 11 Feb 2026 10:53 PM (IST)

-ਇੰਜੀਨੀਅਰਿੰਗ ਇੰਡਸਟ੍ਰੀਜ਼ ਐਸੋਸੀਏਸ਼ਨ ਨੇ ਮੇਅਰ ਕੋਲ ਤੁਰੰਤ ਮੁਰੰਮਤ ਦੀ ਕੀਤੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਲੀ ਨੰਬਰ-4, ਗਗਨ ਕੰਡਾ ਵਾਲਾ ਰੋਡ, ਰਾਜਾ ਗਾਰਡਨ, ਗਦਈਪੁਰ ’ਚ ਸਥਿਤ ਸੀਵਰੇਜ ਮੈਨਹੋਲ ਦਾ ਢੱਕਣ ਬੁਰੀ ਤਰ੍ਹਾਂ ਟੁੱਟ ਕੇ ਹੇਠਾਂ ਧੱਸ ਗਿਆ ਹੈ, ਜਿਸ ਕਾਰਨ ਸੜਕ ਦੇ ਬਿਲਕੁਲ ਵਿਚਕਾਰ ਡੂੰਘਾ ਤੇ ਜਾਨਲੇਵਾ ਟੋਇਆ ਬਣ ਗਿਆ ਹੈ। ਇਹ ਟੋਆ ਲਗਾਤਾਰ ਹਾਦਸਿਆਂ ਤੇ ਵਾਹਨਾਂ ਦੇ ਨੁਕਸਾਨ ਦਾ ਕਾਰਨ ਬਣ ਰਿਹਾ ਹੈ। ਇੰਜੀਨੀਅਰਿੰਗ ਇੰਡਸਟ੍ਰੀਜ਼ ਐਸੋਸੀਏਸ਼ਨ, ਗਦਈਪੁਰ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਦੱਸਿਆ ਕਿ ਇਸ ਸਥਾਨ ਤੋਂ ਹਰ ਰੋਜ਼ ਉਦਯੋਗਿਕ ਖੇਤਰ ਦੇ ਸਪਲਾਈ ਟਰੱਕ, ਮਾਲ ਢੋਣ ਵਾਲੇ ਵਾਹਨ, ਆਉਣ-ਜਾਣ ਵਾਲੇ ਵਿਜ਼ਟਰਾਂ ਦੀਆਂ ਗੱਡੀਆਂ ਤੇ ਸਥਾਨਕ ਨਿਵਾਸੀ ਲੰਘਦੇ ਹਨ। ਕਈ ਵਾਹਨ ਇਸ ਟੋਏ ’ਚ ਫੱਸ ਚੁੱਕੇ ਹਨ ਤੇ ਨੁਕਸਾਨਗ੍ਰਸਤ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੇਂ ਗੰਭੀਰ ਹਾਦਸੇ ਦੀ ਸੰਭਾਵਨਾ ਬਣੀ ਹੋਈ ਹੈ। ਸੁਨੀਲ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਮੇਅਰ ਵਨੀਤ ਧੀਰ ਕੋਲ ਤੁਰੰਤ ਦਖ਼ਲ ਦੇ ਕੇ ਨਿਰੀਖਣ ਤੇ ਮੁਰੰਮਤ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਹਲਕਾ ਇੰਚਾਰਜ ਦਿਨੇਸ਼ ਢੱਲ ਨੂੰ ਵੀ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਹੈ। ਉਦਯੋਗਿਕ ਖੇਤਰ ’ਚ ਦੇਸ਼-ਵਿਦੇਸ਼ ਤੋਂ ਵਪਾਰੀ ਤੇ ਗਾਹਕ ਆਉਂਦੇ ਹਨ। ਅਜਿਹੀਆਂ ਖਰਾਬ ਬੁਨਿਆਦੀ ਸਹੂਲਤਾਂ ਖੇਤਰ ਦੇ ਅਕਸ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਉਦਯੋਗ ਜਗਤ ਨੂੰ ਅਸਹਿਜ ਸਥਿਤੀ ’ਚ ਪਾ ਦਿੰਦੀਆਂ ਹਨ। ਐਸੋਸੀਏਸ਼ਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਮੈਨਹੋਲ ਕਵਰ ਦੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਨੂੰ ਰੋਕਿਆ ਜਾ ਸਕੇ ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ। ਐਸੋਸੀਏਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਜ਼ਰੂਰਤ ਪੈਣ ’ਤੇ ਉਦਯੋਗ ਜਗਤ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।