ਸਿਵਲ ਹਸਪਤਾਲ ’ਚ ਮੀਂਹ ਕਾਰਨ ਹੋਏ ਚਿੱਕੜ ਨੇ ਵਧਾਈ ਪਰੇਸ਼ਾਨੀ
ਜਾਸ, ਜਲੰਧਰ : ਪੰਜਾਬ
Publish Date: Sat, 03 Jan 2026 08:49 PM (IST)
Updated Date: Sat, 03 Jan 2026 08:50 PM (IST)

ਜਾਸ, ਜਲੰਧਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਸੂਚੀ ’ਚ ਸਭ ਤੋਂ ਵੱਡੇ ਸਿਵਲ ਹਸਪਤਾਲ ’ਚ ਸਮੱਸਿਆਵਾਂ ਬਰਕਰਾਰ ਹਨ। ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਸੀਵਰੇਜ ਪਾਈਪ ਪਾਉਣ ਦਾ ਕੰਮ ਰੁਕ ਜਾਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਸਮੱਸਿਆਵਾਂ ਦੇ ਹੱਲ ਕਰਨ ਲਈ ਹਸਪਤਾਲ ਪ੍ਰਸ਼ਾਸਨ ਤੇ ਪੀਡਬਲਯੂ ਵਿਭਾਗ ਕੋਈ ਜਹਿਮਤ ਨਹੀਂ ਉਠਾ ਰਹੇ ਹਨ। ਸਬੰਧਤ ਵਿਭਾਗ ਪੁੱਟੇ ਟੋਇਆਂ ਕਾਰਨ ਹੋਣ ਵਾਲੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਸਿਵਲ ਹਸਪਤਾਲ ’ਚ ਸੀਵਰੇਜ ਪਾਈਪ ਪਾਉਣ ਦਾ ਕੰਮ ਪਿਛਲੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਬੰਦ ਹੈ। ਟੋਏ ਉਂਜ ਹੀ ਖੁੱਲ੍ਹੇ ਪਏ ਹਨ ਤੇ ਹੁਣ ਮੀਂਹ ਕਾਰਨ ਉਨ੍ਹਾਂ ’ਚ ਪਾਣੀ ਭਰ ਗਿਆ ਹੈ। ਨਾਲ ਹੀ, ਮੀਂਹ ਕਾਰਨ ਹਸਪਤਾਲ ਦੇ ਜੱਚਾ-ਬੱਚਾ ਸੈਂਟਰ ਦੇ ਆਲੇ-ਦੁਆਲੇ ਚਿੱਕੜ ਹੋ ਗਿਆ ਹੈ। ਉਥੇ ਤੋਂ ਲੰਘਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਟਾਫ ਦੇ ਨਾਲ-ਨਾਲ ਉਥੇ ਆਉਣ ਵਾਲੇ ਲੋਕਾਂ ਨੂੰ ਗੱਡੀਆਂ ਖੜ੍ਹੀਆਂ ਕਰਨ ’ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਤਿਲਕਣ ਵਾਲੀ ਥਾਂ ਤੋਂ ਟੋਏ ਪਾਰ ਕਰਨੇ ਪੈਂਦੇ ਹਨ। ਜੱਚਾ-ਬੱਚਾ ਸੈਂਟਰ ’ਚ ਦਾਖਲ ਮਰੀਜ਼ ਦੀ ਪਰਿਵਾਰਕ ਮੈਂਬਰ ਸੰਤੋਸ਼ ਰਾਣੀ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਹਸਪਤਾਲ ਆ-ਜਾ ਰਹੇ ਹਨ। ਮੀਂਹ ਮਗਰੋਂ ਚਿੱਕੜ ਹੋਣ ਤੇ ਪਾਣੀ ਭਰ ਜਾਣ ਕਾਰਨ ਉਨ੍ਹਾਂ ਨੂੰ ਕਾਫੀ ਘੁੰਮ ਕੇ ਬਾਹਰ ਜਾਣਾ ਪੈਂਦਾ ਹੈ। ਮਰੀਜ਼ ਦਾ ਪਤਾ ਲੈਣ ਲਈ ਇਕ ਰਿਸ਼ਤੇਦਾਰ ਚਿੱਕੜ ਕਾਰਨ ਤਿਲਕ ਗਿਆ ਤੇ ਸੱਟ ਲੱਗਣ ਤੋਂ ਬਚਾਅ ਰਿਹਾ। ਇਸੇ ਤਰ੍ਹਾਂ, ਹਸਪਤਾਲ ’ਚ ਮਰੀਜ਼ਾਂ ਨੂੰ ਲੈ ਕੇ ਆਉਣ ਵਾਲੇ ਈ-ਰਿਕਸ਼ਾ ਚਾਲਕ ਆਲਮ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਮੀਂਹ ਮਗਰੋਂ ਉਹ ਹਸਪਤਾਲ ਤੋਂ ਸਵਾਰੀ ਲੈਣ ਪੁੱਜੇ ਤਾਂ ਟੋਇਆਂ ਦੇ ਆਲੇ-ਦੁਆਲੇ ਪਾਣੀ ਭਰ ਜਾਣ ਕਾਰਨ ਈ-ਰਿਕਸ਼ਾ ਮਸਾਂ ਪਲਟਣੋਂ ਬਚਿਆ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਦਾ ਕਹਿਣਾ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਸਬੰਧੀ ਠੇਕੇਦਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ। ਹੋਦੀਆਂ ਬਣਾਉਣ ਮਗਰੋਂ ਟੋਇਆਂ ’ਚ ਪਾਈਪ ਪਾ ਕੇ ਬੰਦ ਕਰ ਦਿੱਤੇ ਜਾਣਗੇ। ਮੀਂਹ ਪੈਣ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਇਸ ਦਾ ਛੇਤੀ ਹੱਲ ਕੱਢਿਆ ਜਾਵੇਗਾ।