ਗਲ ਚੁੱਕੀਆਂ ਪਾਈਪਾਂ ’ਚ ਰਲ਼ ਰਿਹੈ ਸੀਵਰੇਜ ਦਾ ਪਾਣੀ, ਬਸਤੀਆਂ ਤੇ ਸਲੱਮ ਇਲਾਕਿਆਂ ’ਚ ਫੈਲ ਰਹੀਆਂ ਬਿਮਾਰੀਆਂ
ਗਲ ਚੁੱਕੀਆਂ ਪਾਈਪਾਂ ’ਚ ਰੱਲ ਰਿਹਾ ਹੈ ਸੀਵਰੇਜ ਦਾ ਪਾਣੀ, ਬਸਤੀਆਂ ਤੇ ਸਲਮ ਇਲਾਕਿਆਂ ’ਚ ਇਸ ਕਾਰਨ ਫੈਲ ਰਹੀਆਂ ਹਨ ਬਿਮਾਰੀਆਂ
Publish Date: Tue, 06 Jan 2026 10:01 PM (IST)
Updated Date: Tue, 06 Jan 2026 10:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਗੰਦੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਸਭ ਤੋਂ ਵੱਡਾ ਕਾਰਨ ਵਾਟਰ ਸਪਲਾਈ ਪਾਈਪਲਾਈਨਾਂ ਦਾ ਪੁਰਾਣਾ ਹੋਣਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਪੀਣ ਵਾਲੇ ਪਾਣੀ ਤੇ ਸੀਵਰੇਜ ਦੀਆਂ ਪਾਈਪਲਾਈਨਾਂ ਇਕੱਠੇ ਹੀ ਪਾਈਆਂ ਗਈਆਂ ਹਨ। ਪਾਈਪਲਾਈਨਾਂ ਦੇ ਖਰਾਬ ਹੋਣ ਕਾਰਨ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਲ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਬਿਮਾਰੀਆਂ ਫੈਲਦੀਆਂ ਹਨ। ਜਲੰਧਰ ਸ਼ਹਿਰ ਦੀ ਵੱਡੀ ਅਬਾਦੀ ਬਸਤੀਆਂ ਤੇ ਸਲਮ ਇਲਾਕਿਆਂ ’ਚ ਵੱਸਦੀ ਹੈ। ਯੋਜਨਾਬੱਧ ਤਰੀਕੇ ਨਾਲ ਬਣੀਆਂ ਕਾਲੋਨੀਆਂ ਗਿਣਤੀ ’ਚ ਘੱਟ ਹਨ। ਸ਼ਹਿਰ ਦੀ ਵੱਡੀ ਆਬਾਦੀ ਬਸਤੀਆਂ, ਭਾਰਗੋ ਕੈਂਪ, ਪੁਰਾਣੇ ਸ਼ਹਿਰ ਤੇ ਉਦਯੋਗਿਕ ਖੇਤਰਾਂ ਦੇ ਆਲੇ-ਦੁਆਲੇ ਰਹਿੰਦੀ ਹੈ। ਉਦਯੋਗਿਕ ਖੇਤਰਾਂ ਦੇ ਨੇੜੇ ਮਜ਼ਦੂਰਾਂ ਦੀਆਂ ਕਈ ਕਾਲੋਨੀਆਂ ਬਣ ਚੁੱਕੀਆਂ ਹਨ। ਇਹ ਕਾਲੋਨੀਆਂ ਆਮ ਤੌਰ ’ਤੇ ਬਿਨਾਂ ਮਨਜ਼ੂਰੀ ਦੇ ਵਿਕਸਤ ਹੋਈਆਂ ਹਨ ਤੇ ਇੱਥੇ ਬੁਨਿਆਦੀ ਢਾਂਚਾ ਕਾਫ਼ੀ ਕਮਜ਼ੋਰ ਹੈ। ਬਸਤੀਆਂ ’ਚ ਗਲੀਆਂ ਤੇ ਸੜਕਾਂ ਦੀ ਚੌੜਾਈ ਤਿੰਨ ਤੋਂ ਅੱਠ ਫੁੱਟ ਤੱਕ ਹੈ ਤੇ ਇਨ੍ਹਾਂ ਤੰਗ ਇਲਾਕਿਆਂ ’ਚ ਦਹਾਕਿਆਂ ਪੁਰਾਣੀਆਂ ਪਾਈਪਲਾਈਨਾਂ ਅਜੇ ਤੱਕ ਨਹੀਂ ਬਦਲੀਆਂ ਗਈਆਂ। ਗਲੀਆਂ ਤੰਗ ਹੋਣ ਕਾਰਨ ਪਾਣੀ ਤੇ ਸੀਵਰੇਜ ਦੀਆਂ ਪਾਈਪਲਾਈਨਾਂ ਇਕੱਠੇ ਪਈਆਂ ਹਨ। ਕਈ ਥਾਵਾਂ ‘ਤੇ ਤਾਂ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਸੀਵਰ ਦੇ ਨਾਲੋਂ ਹੀ ਲੰਘਦੀ ਹੈ। ਬਸਤੀਆਂ ਤੇ ਸਲਮ ਇਲਾਕਿਆਂ ’ਚ ਮੀਂਹ ਦੇ ਦੌਰਾਨ ਪਾਣੀ ਭਰਨ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ। ਕਈ ਇਲਾਕਿਆਂ ’ਚ 50-50 ਸਾਲਾਂ ਤੋਂ ਨਾ ਤਾਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਦਲੀਆਂ ਗਈਆਂ ਹਨ ਤੇ ਨਾ ਹੀ ਸੀਵਰੇਜ ਲਾਈਨਾਂ। ਅਜਿਹੇ ’ਚ ਜਦੋਂ ਸੀਵਰੇਜ ਜਾਮ ਹੋ ਜਾਵੇ ਜਾਂ ਮੀਂਹ ਕਾਰਨ ਪਾਣੀ ਭਰਨਾ ਹੋਵੇ ਤਾਂ ਪੀਣ ਵਾਲਾ ਪਾਣੀ ਤੇ ਸੀਵਰੇਜ ਦਾ ਪਾਣੀ ਆਪਸ ’ਚ ਮਿਲ ਜਾਂਦਾ ਹੈ। ਸ਼ਹਿਰ ’ਚ ਗੰਦੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ। ਅਜੇ ਵੀ ਸ਼ਹਿਰ ਦੇ ਕਈ ਪੁਰਾਣੇ ਇਲਾਕਿਆਂ ’ਚ ਸੀਵਰੇਜ ਜਾਮ ਦੀ ਸਥਿਤੀ ਬਣੀ ਹੋਈ ਹੈ ਤੇ ਲਗਾਤਾਰ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ। ਹਾਲਾਂਕਿ ਸਰਦੀਆਂ ’ਚ ਪਾਣੀ ਦੀ ਖਪਤ ਘੱਟ ਹੋਣ ਕਾਰਨ ਇਹ ਸਮੱਸਿਆ ਕੁਝ ਹੱਦ ਤੱਕ ਘੱਟ ਰਹਿੰਦੀ ਹੈ, ਪਰ ਮਾਨਸੂਨ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ’ਚ ਦਸਤ (ਡਾਇਰੀਆ) ਵਰਗੀਆਂ ਬਿਮਾਰੀਆਂ ਫੈਲ ਜਾਂਦੀਆਂ ਹਨ, ਕਿਉਂਕਿ ਪੁਰਾਣੇ ਇਲਾਕਿਆਂ ’ਚ ਪਾਣੀ ਭਰਨ ਦੀ ਸਥਿਤੀ ਬਣ ਜਾਂਦੀ ਹੈ। ਸੀਵਰੇਜ ਦੀਆਂ ਪੁਰਾਣੀਆਂ ਪਾਈਪਲਾਈਨਾਂ ਦੀ ਸਫਾਈ ਵੀ ਕਈ ਸਾਲਾਂ ਤੋਂ ਨਹੀਂ ਹੋਈ, ਜਿਸ ਕਾਰਨ ਸੀਵਰੇਜ ਜਾਮ ਹੋਣਾ ਵੀ ਗੰਦੇ ਪਾਣੀ ਦੀ ਸਪਲਾਈ ਦਾ ਮੁੱਖ ਕਾਰਨ ਬਣਦਾ ਹੈ। --------------------- ਪਿਛਲੇ ਤਿੰਨ ਸਾਲਾਂ ’ਚ ਗੰਦੇ ਪੀਣ ਵਾਲੇ ਪਾਣੀ ਦੇ ਮੁੱਖ ਮਾਮਲੇ ਜੂਨ 2023 : ਗਾਂਧੀ ਕੈਂਪ ’ਚ ਸੀਵਰੇਜ ਜਾਮ ਕਾਰਨ ਗੰਦੇ ਪਾਣੀ ਦੀ ਸਪਲਾਈ। ਬਿਮਾਰੀਆਂ ਫੈਲਣ ’ਤੇ ਲੋਕਾਂ ਨੇ ਦੇਰ ਰਾਤ ਪ੍ਰਦਰਸ਼ਨ ਕੀਤਾ। ਜੂਨ 2023 : ਕਬੀਰ ਨਗਰ ’ਚ ਸੀਵਰ ਮਿਲਿਆ ਪਾਣੀ ਸਪਲਾਈ ਹੋਇਆ। ਟਿਊਬਵੈੱਲ ਫੇਲ ਹੋਣ ਨਾਲ ਮਿੱਟੀ ਤੇ ਰੇਤ ਵੀ ਪਾਣੀ ’ਚ ਆਈ। ਲੋਕਾਂ ਨੇ ਖਾਲੀ ਬਾਲਟੀਆਂ ਖੜਕਾ ਕੇ ਰੋਸ ਪ੍ਰਗਟਾਇਆ। ਗੁਰੂ ਨਾਨਕ ਨਗਰ ਤੇ ਰਤਨ ਨਗਰ ਦੇ ਲੋਕਾਂ ਨੇ ਵੀ ਧਰਨਾ ਦਿੱਤਾ। ਅਗਸਤ 2023 : ਨਿਊ ਰਸੀਲਾ ਨਗਰ ’ਚ ਸੀਵਰੇਜ ਜਾਮ ਕਾਰਨ ਗੰਦਾ ਪਾਣੀ ਆਇਆ। ਲੋਕ ਬਿਮਾਰ ਹੋਏ ਤਾਂ ਨਗਰ ਨਿਗਮ ਦਫਤਰ ਅੱਗੇ ਪ੍ਰਦਰਸ਼ਨ ਕੀਤਾ। ਅਗਸਤ 2023 : ਅਜੀਤ ਨਗਰ ਤੇ ਬਲਦੇਵ ਨਗਰ ’ਚ ਗੰਦੇ ਪੀਣ ਵਾਲੇ ਪਾਣੀ ਖ਼ਿਲਾਫ਼ ਸਰਕਾਰ ਦਾ ਪੁਤਲਾ ਫੂਕਿਆ ਗਿਆ। ਲੋਕ ਬਿਮਾਰ ਹੋਏ। ਅਗਸਤ 2023 : ਹਰਗੋਬਿੰਦ ਨਗਰ ’ਚ ਕਈ ਮਹੀਨਿਆਂ ਤੋਂ ਸੀਵਰੇਜ ਜਾਮ। ਨਿਗਮ ਦਫ਼ਤਰ ’ਚ ਪ੍ਰਦਰਸ਼ਨ। ਪੀਣ ਵਾਲਾ ਪਾਣੀ ਵੀ ਖ਼ਰਾਬ ਹੋਇਆ, ਕਈ ਲੋਕ ਬਿਮਾਰ। ਫ਼ਰਵਰੀ 2024 : ਗੰਦੇ ਪੀਣ ਵਾਲੇ ਪਾਣੀ ਨੂੰ ਲੈ ਕੇ ਸ਼ਿਵ ਨਗਰ ਤੇ ਸੰਤੋਸ਼ੀ ਨਗਰ ਦੇ ਲੋਕ ਭੜਕੇ, ਨਿਗਮ ਦਫ਼ਤਰ ’ਚ ਧਰਨਾ। ਮਈ 2024 : ਥ੍ਰੀ ਸਟਾਰ ਕਾਲੋਨੀ ’ਚ ਸੀਵਰੇਜ ਦਾ ਪਾਣੀ ਮਿਲਣ ਕਾਰਨ ਲੋਕ ਬਿਮਾਰ। ਨਿਊ ਸ਼ਿਵਾਜੀ ਨਗਰ ’ਚ ਵੀ ਹਾਲਾਤ ਖ਼ਰਾਬ। ਲੋਕਾਂ ਨੇ ਚੋਣ ਪ੍ਰਚਾਰ ਕਰ ਰਹੇ ਨੇਤਾਵਾਂ ’ਤੇ ਗੁੱਸਾ ਕੱਢਿਆ। ਜੁਲਾਈ 2024 : ਭਗਤ ਸਿੰਘ ਕਾਲੋਨੀ ’ਚ ਗੰਦੇ ਪਾਣੀ ਦੀ ਸਪਲਾਈ। ਜ਼ਮੀਨ ਖੁਦਾਈ ਕਾਰਨ ਪਾਈਪਾਂ ਪ੍ਰਭਾਵਿਤ ਹੋਈਆਂ। ਲੋਕ ਪਾਣੀ ਖਰੀਦਣ ਲਈ ਮਜਬੂਰ। ਜੁਲਾਈ 2024 : ਰਾਮਾ ਮੰਡੀ ਦੀਆਂ ਕਈ ਕਾਲੋਨੀਆਂ ’ਚ ਗੰਦਾ ਪਾਣੀ। ਵਿਧਾਇਕ ਤੇ ਕਮਿਸ਼ਨਰ ਦੇ ਦੌਰਿਆਂ ਦੇ ਬਾਵਜੂਦ ਹਾਲਾਤ ਨਹੀਂ ਸੁਧਰੇ। ਸਤੰਬਰ 2024 : ਤਿਲਕ ਨਗਰ ਤੇ ਉਦੈ ਨਗਰ ’ਚ ਸੀਵਰੇਜ ਜਾਮ ਕਾਰਨ ਗੰਦਾ ਪਾਣੀ। ਲੋਕ ਨੇੜਲੇ ਇਲਾਕਿਆਂ ਤੋਂ ਪਾਣੀ ਲਿਆਉਣ ਲਈ ਮਜਬੂਰ। ਕਈ ਲੋਕ ਬਿਮਾਰ। ਜੁਲਾਈ 2025 : ਨਾਰਥ ਵਿਧਾਨ ਸਭਾ ਖੇਤਰ ਦੇ ਗਾਂਧੀ ਕੈਂਪ ’ਚ ਸੀਵਰੇਜ ਜਾਮ ਨਾਲ ਗੰਦਾ ਪਾਣੀ। ਨਿਗਮ ਨੇ ਟੈਂਕਰਾਂ ਰਾਹੀਂ ਪਾਣੀ ਦਿੱਤਾ ਤੇ ਬੈਨਰ ਲਗਾ ਕੇ ਲੋਕਾਂ ਨੂੰ ਚੇਤਾਵਨੀ ਦਿੱਤੀ। ਅਗਸਤ 2025 : ਵਾਰਡ ਨੰਬਰ 60 ਦੇ ਨਿਊ ਗੌਤਮ ਨਗਰ ’ਚ 50 ਤੋਂ ਵੱਧ ਲੋਕ ਡਾਇਰੀਆ ਨਾਲ ਪੀੜਤ। ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸਿਹਤ ਵਿਭਾਗ ਨੇ 675 ਘਰਾਂ ਦਾ ਸਰਵੇ ਕਰਕੇ ਦਵਾਈਆਂ ਦਿੱਤੀਆਂ। ਸਤੰਬਰ 2025 : ਨਿਊ ਗੀਤਾ ਕਾਲੋਨੀ ’ਚ ਇਕ ਹਫ਼ਤੇ ਤੱਕ ਸੀਵਰ ਮਿਲਿਆ ਪਾਣੀ ਆਉਂਦਾ ਰਿਹਾ। ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕੀਤਾ। ------------------------ ਇੰਦਰਾ ਕਾਲੋਨੀ ’ਚ ਸਾਲ ਭਰ ਗੰਦਾ ਪਾਣੀ ਵਾਰਡ ਨੰਬਰ 1 ਦੀ ਇੰਦਰਾ ਕਾਲੋਨੀ ਗੰਦੇ ਪੀਣ ਵਾਲੇ ਪਾਣੀ ਤੇ ਸੀਵਰੇਜ ਜਾਮ ਦੀ ਵੱਡੀ ਮਿਸਾਲ ਹੈ। ਇੱਥੇ ਸਾਲ ਭਰ ਸੀਵਰੇਜ ਜਾਮ ਰਹਿੰਦਾ ਹੈ ਤੇ ਗਲੀਆਂ ’ਚ ਗੰਦਾ ਪਾਣੀ ਭਰਿਆ ਰਹਿੰਦਾ ਹੈ। ਇਨ੍ਹਾਂ ਹੀ ਗਲੀਆਂ ’ਚ ਪੀਣ ਵਾਲੇ ਪਾਣੀ ਦੀਆਂ ਪਾਈਪਲਾਈਨਾਂ ਵੀ ਪਈਆਂ ਹਨ। ਇਹ ਪਾਈਪਲਾਈਨਾਂ 20 ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਹੋ ਚੁੱਕੀਆਂ ਹਨ ਤੇ ਕਈ ਥਾਵਾਂ ’ਤੇ ਖ਼ਰਾਬ ਹਨ। ਇਸ ਕਾਰਨ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ’ਚ ਰਲ ਕੇ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ। ਕਾਲੋਨੀ ਵਾਸੀ ਗੰਗੂ ਰਾਮ ਦਾ ਕਹਿਣਾ ਹੈ ਕਿ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਕੋਈ ਹੱਲ ਨਹੀਂ ਨਿਕਲਿਆ। ਹੁਣ ਤਾਂ ਸ਼ਿਕਾਇਤ ਕਰਨੀ ਵੀ ਛੱਡ ਦਿੱਤੀ ਹੈ। ਦੂਜੇ ਪਾਸੇ ਸੰਤੋਸ਼ ਬਲਾਨੀ ਕਹਿੰਦੇ ਹਨ ਕਿ ਕਾਲੋਨੀ ’ਚ ਕਿਸੇ ਮਹਿਮਾਨ ਨੂੰ ਵੀ ਨਹੀਂ ਬੁਲਾ ਸਕਦੇ। ਇੱਥੇ ਰਹਿਣਾ ਮੁਸੀਬਤ ਬਣ ਗਿਆ ਹੈ ਪਰ ਜਾਵਾਂ ਕਿੱਥੇ। ਨਗਰ ਨਿਗਮ ਨੂੰ ਇੱਥੇ ਪੱਕੀ ਤਰ੍ਹਾਂ ਸੀਵਰੇਜ ਸਫਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਪਾਣੀ ਦੀਆਂ ਪਾਈਪਾਂ ਵੀ ਤੁਰੰਤ ਬਦਲੀਆਂ ਜਾਣ।