- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-6.21 ਕਰੋੜ ਰੁਪਏ ਦੀ

-6.21 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਪ੍ਰੋਜੈਕਟ, 600 ਕਿਸਾਨ ਪਰਿਵਾਰਾਂ ਨੂੰ ਫਾਇਦਾ
ਜਾਗਰਣ ਸੰਵਾਦਦਾਤਾ, ਜਲੰਧਰ : ਬਸਤੀ ਪੀਰ ਦਾਦ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਰੋਜ਼ਾਨਾ 25 ਮਿਲੀਅਨ ਲੀਟਰ ਪਾਣੀ ਟ੍ਰੀਟ ਕਰਕੇ ਨੇੜੇ ਦੇ ਚਾਰ ਪਿੰਡਾਂ ਨੂੰ ਸਿੰਚਾਈ ਲਈ ਭੇਜਿਆ ਜਾਵੇਗਾ। ਇਸ ਨਾਲ ਪਿੰਡਾਂ ਦੇ 600 ਕਿਸਾਨ ਪਰਿਵਾਰਾਂ ਦੇ ਖੇਤਾਂ ਨੂੰ ਸਿੰਚਾਈ ’ਚ ਲਾਭ ਮਿਲੇਗਾ। ਵਾਤਾਵਰਨ ਮਾਹਿਰ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ੁੱਕਰਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਤਹਿਤ 14 ਇੰਚ ਅਤੇ 10 ਇੰਚ ਵਾਲੀਆਂ ਲਗਪਗ 21 ਕਿੱਲੋਮੀਟਰ ਲੰਬੀਆਂ ਅੰਡਰਗ੍ਰਾਊਂਡ ਪਾਈਪਲਾਈਨ ਵਿਛਾਈਆਂ ਗਈਆਂ ਹਨ।
ਉਦਘਾਟਨ ਮੌਕੇ ਸੀਚੇਵਾਲ ਦੇ ਨਾਲ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਵੀ ਮੌਜੂਦ ਸਨ। ਐੱਸਟੀਪੀ ਦੇ ਉਦਘਾਟਨ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਲਈ ਸਤ੍ਹਾ ਦੇ ਪਾਣੀ 'ਤੇ ਆਧਾਰਿਤ ਸਿੰਚਾਈ ਦੇ ਬਦਲਵੇਂ ਸਰੋਤ ਵਿਕਸਿਤ ਕਰਨ ਤੇ ਨਹਿਰ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਟ੍ਰੀਟ ਕੀਤੇ ਗਏ ਪਾਣੀ ਦੀ ਵਰਤੋਂ ਨਾ ਸਿਰਫ ਸਰਕਾਰ ਦੇ ਪਾਣੀ ਸੰਭਾਲ ਮਿਸ਼ਨ ਦੇ ਅਨੁਕੂਲ ਹੈ, ਸਗੋਂ ਇਸ ਨਾਲ ਖਾਦ ਦੀ ਲੋੜ ਵੀ ਘਟੇਗੀ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਕਿਉਂਕਿ ਟ੍ਰੀਟ ਕੀਤੇ ਪਾਣੀ ’ਚ ਕਈ ਪੋਸ਼ਕ ਤੱਤ ਹੁੰਦੇ ਹਨ, ਜਿਸ ਨਾਲ ਖੇਤੀ ਦੀ ਲਾਗਤ ਘਟੇਗੀ ਤੇ ਕਿਸਾਨਾਂ ਦੀ ਆਮਦਨ ਵਧੇਗੀ। ਵਿਭਾਗ ਦੀ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਮਾਰਟ ਸਿਟੀ ਯੋਜਨਾ ਤਹਿਤ ਕੁੱਲ 6.21 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਲਗਪਗ 600 ਕਿਸਾਨ ਪਰਿਵਾਰਾਂ ਦੀ 550 ਹੈਕਟੇਅਰ ਤੋਂ ਵੱਧ ਖੇਤੀ ਦੀ ਜ਼ਮੀਨ ਨੂੰ ਲਾਭ ਮਿਲ ਰਿਹਾ ਹੈ।
ਰਾਜ ਸਭਾ ਦੇ ਮੈਂਬਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਗਲੇ 20-25 ਸਾਲਾਂ ’ਚ ਰਾਜ ’ਚ ਪਾਣੀ ਦੇ ਸੰਕਟ ਦੇ ਖਤਰੇ ਨੂੰ ਘਟਾਉਣ ਲਈ ਕਿਸਾਨਾਂ ਨੂੰ ਤੁਰੰਤ ਘੱਟ ਪਾਣੀ ਦੀ ਲੋੜ ਵਾਲੀਆਂ ਫਸਲਾਂ ਉਗਾਉਣ ਦੇ ਤਰੀਕੇ ਅਤੇ ਸਮਾਰਟ ਸਿੰਚਾਈ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ ਤਾਂ ਜੋ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਕਦੇ ਵੀ ਸੁੱਕੀ ਜ਼ਮੀਨ ਨਾ ਦੇਖਣੀ ਪਵੇ।
ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਇਹ ਟ੍ਰੀਟ ਕੀਤਾ ਹੋਇਆ ਪਾਣੀ, ਜੋ ਪਹਿਲਾਂ ਨਾਲੀਆਂ ਵਿਚ ਬਰਬਾਦ ਹੋ ਜਾਂਦਾ ਸੀ, ਹੁਣ 550 ਹੈਕਟੇਅਰ ਤੋਂ ਵੱਧ ਖੇਤੀ ਦੀ ਜ਼ਮੀਨ ਲਈ ਸਾਲ ਭਰ ਸਿੰਚਾਈ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਕਮਾਂਡ ਏਰੀਆ ਵਿਚ ਟਿਊਬਵੈੱਲ ਦੀ ਵਰਤੋਂ ਵਿਚ ਕਮੀ ਆਉਣ ਨਾਲ ਬਿਜਲੀ ਸਬਸਿਡੀ ਵਿਚ ਕਮੀ ਆਉਣ ਨਾਲ ਸੂਬੇ ਨੂੰ ਵੀ ਲਾਭ ਹੋਵੇਗਾ। ਉਨ੍ਹਾਂ ਇਸ ਪ੍ਰੋਜੈਕਟ ਨੂੰ ਸਫਲਤਾਪੂਰਵਕ ਪੂਰਾ ਕਰਨ ਵਿਚ ਸਹਿਯੋਗ ਦੇਣ ਲਈ ਸਫੀਪੁਰ, ਚਮਿਆਰਾ, ਗਿੱਲ ਤੇ ਗਾਜੀਪੁਰ ਪਿੰਡਾਂ ਦੇ ਕਿਸਾਨਾਂ ਦਾ ਵੀ ਧੰਨਵਾਦ ਕੀਤਾ।
ਜਲੰਧਰ ਦੇ ਡਵੀਜ਼ਨਲ ਸੋਇਲ ਕੰਜਰਵੇਸ਼ਨ ਅਧਿਕਾਰੀ ਸ਼ਮਨਪ੍ਰੀਤ ਸਿੰਘ ਨੇ ਪ੍ਰੋਜੈਕਟ ਦੀ ਤਕਨੀਕੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 14 ਇੰਚ ਅਤੇ 10 ਇੰਚ ਵਾਲੀਆਂ ਲਗਪਗ 21 ਕਿੱਲੋਮੀਟਰ ਲੰਬੀਆਂ ਅੰਡਰਗ੍ਰਾਊਂਡ ਪਾਈਪਲਾਈਨ ਵਿਛਾਈਆਂ ਗਈਆਂ ਹਨ, ਜਿਸ ਨਾਲ ਸਿੰਚਾਈ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ।