ਪੀਏਪੀ ਕੈਂਪਸ ’ਚ ਕੂੜਾ ਸਾੜਨ ਨਾਲ ਫੈਲ ਰਿਹੈ ਪ੍ਰਦੂਸ਼ਣ : ਇੰਜੀ. ਰਖੇਜਾ
ਪੀਏਪੀ ਕੈਂਪਸ 'ਚ ਕੂੜਾ ਸਾੜਨ ਨਾਲ ਫੈਲ ਰਿਹਾ ਗੰਭੀਰ ਪ੍ਰਦੂਸ਼ਣ - ਚੰਦਨ ਰਖੇਜਾ
Publish Date: Fri, 24 Apr 2026 07:29 PM (IST)
Updated Date: Fri, 24 Apr 2026 07:34 PM (IST)
-ਭਾਜਪਾ ਆਗੂ ਨੇ ਸਾਥੀਆਂ ਸਮੇਤ ਡਿਪਟੀ ਕਮਿਸ਼ਨਰ ਨੂੰ ਸੌਂਪੀ ਸ਼ਿਕਾਇਤ
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਜਪਾ ਹਲਕਾ ਜਲੰਧਰ ਕੇਂਦਰੀ ਤੋਂ ਮੰਡਲ-5 ਦੇ ਕਾਰਜਕਾਰੀ ਪ੍ਰਧਾਨ ਇੰਜੀ. ਰਖੇਜਾ ਵੱਲੋਂ ਇਲਾਕੇ ਇਲਾਕੇ ਦੇ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਦੇ ਚਲਦਿਆਂ ਇਲਾਕਾ ਨਿਵਾਸੀਆਂ ਦੇ ਨਾਲ ਜਲੰਧਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੂੰ ਇਕ ਲਿਖਤੀ ਸ਼ਿਕਾਇਤ ਸੌਂਪੀ ਗਈ। ਇਸ ਸ਼ਿਕਾਇਤ ’ਚ ਪੀਏਪੀ ਕੈਂਪਸ ਦੇ ਅੰਦਰ ਨਿਵਾਸੀਆਂ ਤੇ ਅਧਿਕਾਰੀਆਂ ਵੱਲੋਂ ਲਗਾਤਾਰ ਕੂੜਾ ਸਾੜਨ ਨਾਲ ਫੈਲ ਰਹੇ ਪ੍ਰਦੂਸ਼ਣ ‘ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਅਨੁਸਾਰ ਪੀਏਪੀ ਕੈਂਪਸ ਦਾ ਖੇਤਰ ਖੁੱਲ੍ਹਾ ਹੋਣ ਦੇ ਨਾਲ-ਨਾਲ ਰੇਲਵੇ ਲਾਈਨਾਂ ਦੇ ਬਹੁਤ ਨੇੜੇ ਸਥਿਤ ਹੈ ਅਤੇ ਦੂਜੇ ਪਾਸੇ ਇਸ ਦੀ ਹੱਦ-ਦੀਵਾਰ ਨਾਲ ਲੱਗਦੇ ਏਕਤਾ ਨਗਰ, ਰਾਮਾ-ਮੰਡੀ ਵਰਗੇ ਰਿਹਾਇਸ਼ੀ ਇਲਾਕੇ ਹਨ, ਜਿੱਥੋਂ ਦੇ ਨਿਵਾਸੀ ਕਈ ਦਿਨਾਂ ਤੋਂ ਧੂੰਏਂ ਕਾਰਨ ਪਰੇਸ਼ਾਨ ਹਨ। ਖ਼ਾਸ ਕਰਕੇ ਰਾਤ ਦੇ ਸਮੇਂ ਸਾੜੇ ਜਾ ਰਹੇ ਕੂੜੇ ਦਾ ਧੂੰਆ ਘਰਾਂ ’ਚ ਪੁੱਜ ਜਾਂਦਾ ਹੈ ਤੇ ਛੋਟੇ ਬੱਚਿਆਂ, ਬਜ਼ੁਰਗਾਂ ਤੇ ਆਮ ਲੋਕਾਂ ਨੂੰ ਅੱਖਾਂ ’ਚ ਜਲਨ, ਗਲੇ ਦੇ ਇਨਫੈਕਸ਼ਨ ਤੇ ਸਾਹ ਲੈਣ ’ਚ ਦਿੱਕਤ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਏਕਤਾ ਨਗਰ ’ਚ ਇਕ ਐੱਨਆਰਆਈ ਨਿਵਾਸੀ ਨੂੰ ਆਈਸੀਯੂ ’ਚ ਦਾਖ਼ਲ ਕਰਵਾਉਣਾ ਪਿਆ ਹੈ। ਜਿੱਥੇ ਇਕ ਪਾਸੇ ਪਰਾਲੀ ਸਾੜਨ ਖ਼ਿਲਾਫ਼ ਸਖ਼ਤ ਹੁਕਮ ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਉੱਥੇ ਦੂਜੇ ਪਾਸੇ ਅਜਿਹੀਆਂ ਕਾਰਵਾਈਆਂ ਪ੍ਰਸ਼ਾਸਨ ਦੀ ਅਣਦੇਖੀ ਨੂੰ ਦਰਸਾਉਂਦੀਆਂ ਹਨ। ਚੰਦਨ ਰਖੇਜਾ ਨੇ ਸ਼ਿਕਾਇਤ ਰਾਹੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਮਾਮਲੇ 'ਤੇ ਤੁਰੰਤ ਨੋਟਿਸ ਲਿਆ ਜਾਵੇ ਤੇ ਸਬੰਧਤ ਅਧਿਕਾਰੀਆਂ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਮੰਡਲ ਜਨਰਲ ਸਕੱਤਰ ਗੁਰਮੀਤ ਸਿੰਘ, ਭਾਜਪਾ ਆਗੂ ਨਵੀਨ ਪ੍ਰਭਾਕਰ, ਮੰਡਲ ਸਕੱਤਰ ਸੰਦੀਪ ਪਠਾਨੀਆ, ਕਰਨ ਸ਼ਰਮਾ ਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ।