ਸੇਵਾ ਤੇ ਸਾਂਝੀਵਾਲਤਾ ਹੀ ਸਿੱਖ ਧਰਮ ਦੀ ਅਸਲ ਪਛਾਣ : ਸੰਤ ਸੀਚੇਵਾਲ
ਸੇਵਾ, ਸਿਮਰਨ ਤੇ ਸਾਂਝੀਵਾਲਤਾ ਹੀ ਸਿੱਖ ਧਰਮ ਦੀ ਅਸਲ ਪਛਾਣ : ਸੰਤ ਸੀਚੇਵਾਲ
Publish Date: Thu, 26 Feb 2026 06:34 PM (IST)
Updated Date: Thu, 26 Feb 2026 06:37 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫਿਲੀਪਾਈਨ ਦੀ ਧਾਰਮਿਕ ਫੇਰੀ ਦੌਰਾਨ ਉਰਦਾਨੇਤਾ ’ਚ ਸਥਿਤ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਹਾਜ਼ਰੀ ਭਰੀ। ਸਮਾਗਮ ਦੌਰਾਨ ਸੰਗਤਾਂ ਵੱਲੋਂ ਸੰਤ ਸੀਚੇਵਾਲ ਵੱਲੋਂ ਪੰਜਾਬ ’ਚ ਆਏ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਮਨੁੱਖਤਾ ਪ੍ਰਤੀ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ। ਮਨਜਿੰਦਰ ਸਿੰਘ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਸੰਤ ਸੀਚੇਵਾਲ ਨੇ ਹਮੇਸ਼ਾ ਪ੍ਰਭਾਵਿਤ ਇਲਾਕਿਆਂ ’ਚ ਪਹੁੰਚ ਕੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ ਤੇ ਹਜ਼ਾਰਾਂ ਪਰਿਵਾਰਾਂ ਤੱਕ ਸਹਾਇਤਾ ਪਹੁੰਚਾਈ, ਜੋ ਸੇਵਾ ਭਾਵਨਾ ਦੀ ਉੱਚੀ ਮਿਸਾਲ ਹੈ। ਇਸ ਤੋਂ ਇਲਾਵਾ, ਰਾਜ ਸਭਾ ’ਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ ਦਿਵਾਉਣ ਤੇ ਸੰਸਦੀ ਕਾਰਵਾਈ ਦੌਰਾਨ ਪੰਜਾਬੀ ਭਾਸ਼ਾ ਦੀ ਵਰਤੋਂ ਯਕੀਨੀ ਬਣਾਉਣ ਲਈ ਸੰਤ ਸੀਚੇਵਾਲ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਵੀ ਵਿਸ਼ੇਸ਼ ਸ਼ਲਾਘਾ ਕੀਤੀ ਗਈ।
ਬਲਬੀਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਪਾਰਲੀਮੈਂਟ ’ਚ ਪਹਿਲਾਂ ਮੁੱਦਾ ਹੀ ਮਾਂ ਬੋਲੀ ਪੰਜਾਬੀ ਦਾ ਉਠਾਉਣਾ ਬਹੁਤ ਵੱਡਾ ਕਦਮ ਸੀ। ਜਿਨ੍ਹਾਂ ਦੀ ਪਹਿਲਕਦਮੀ ਸਦਕਾ ਸੰਸਦ ਦੇ ਦੋਵਾਂ ਸਦਨਾਂ ’ਚ ਪੰਜਾਬੀ ਸਮੇਤ ਹੋਰ ਖੇਤਰੀ ਭਾਸ਼ਾਵਾਂ ਨੂੰ ਮਾਨਤਾ ਮਿਲੀ। ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਹੁੰਦਿਆ ਸੰਤ ਸੀਚੇਵਾਲ ਨੇ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ, ਮਾਂ ਬੋਲੀ ਤੇ ਧਾਰਮਿਕ ਸੱਭਿਅਤਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੇਵਾ, ਸਿਮਰਨ ਤੇ ਸਾਂਝੀਵਾਲਤਾ ਹੀ ਸਿੱਖ ਧਰਮ ਦੀ ਅਸਲ ਪਛਾਣ ਹੈ ਤੇ ਹਰ ਇਨਸਾਨ ਨੂੰ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ। ਅੰਤ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਸੀਚੇਵਾਲ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ’ਚ ਹੈੱਡਗ੍ਰੰਥੀ ਬਲਜੀਤ ਸਿੰਘ, ਸੇਵਾਦਾਰ ਅੰਗਰੇਜ਼ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਰਮਨਦੀਪ ਸਿੰਘ ਸਮੇਤ ਸਥਾਨਕ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਰਹੀਆਂ।