ਫਿਰਕੂ ਤਾਕਤਾਂ ਵਿਰੁੱਧ ਸਾਂਝਾ ਮੰਚ ਉਸਾਰਨ ਲਈ ਵਿਚਾਰ ਚਰਚਾ ਹੋਈ
ਫਿਰਕੂ ਤਾਕਤਾਂ ਵਿਰੁੱਧ ਸਾਂਝਾ ਮੰਚ ਉਸਾਰਨ ਲਈ ਗੰਭੀਰ ਵਿਚਾਰ ਚਰਚਾ ਹੋਈ
Publish Date: Tue, 03 Feb 2026 07:04 PM (IST)
Updated Date: Wed, 04 Feb 2026 04:08 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ 15 ਫਰਵਰੀ ਨੂੰ ਪੁਰਾਣੀ ਤਹਿਸੀਲ ਦੇ ਮੈਦਾਨ ’ਚ ਤਰਕਸ਼ੀਲ ਮੇਲਾ ਕਰਵਾਇਆ ਜਾਵੇਗਾ। ਮੇਲੇ ’ਚ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਨਾਟਕ ਲੱਛੂ ਕਬਾੜੀਆ ਖੇਡਿਆ ਜਾਵੇਗਾ। ਮੇਲੇ ਦੀ ਸਫਲਤਾ ਲਈ ਤਰਕਸ਼ੀਲ ਸੁਸਾਇਟੀ ਵੱਲੋਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਹਿਯੋਗ ਲੈਣ ਲਈ ਅੱਪੂ ਆਰਟ ਪ੍ਰੈੱਸ ਵਿਖੇ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਦੇ ਸਬੱਬ ਦੇਸ਼ ਤੇ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸਿਆਸੀ, ਸਮਾਜੀ ਤੇ ਸੱਭਿਆਚਾਰਕ ਖੇਤਰ ਦੀਆਂ ਪਰਿਸਥਿਤੀਆਂ ਬਾਰੇ ਖੁੱਲ੍ਹ ਕੇ ਗੱਲਾਂ ਹੋ ਗਈਆਂ। ਤਰਕਸ਼ੀਲ ਸੁਸਾਇਟੀ ਇਕਾਈ ਸ਼ਾਹਕੋਟ ਦੇ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ ਦੀ ਪ੍ਰਧਾਨਗੀ ’ਚ ਹੋਈ ਇਕੱਤਰਤਾ ’ਚ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਤੋੜਨ ਤੇ ਹੋਰ ਫਿਰਕੂ ਤਾਕਤਾਂ ਦੇ ਜ਼ਹਿਰੀਲੇ ਕਾਰਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਸ਼ਾਹਕੋਟ ’ਚ ਸਾਂਝਾ ਮੰਚ ਉਸਾਰਨ ਦੀ ਲੋੜ ਬਾਰੇ ਵੀ ਸ਼ਿੱਦਤ ਨਾਲ ਵਿਚਾਰ ਚਰਚਾ ਹੋਈ। ਫੈਸਲਾ ਹੋਇਆ ਕਿ ਲੋਕ ਹਿੱਤਾਂ ਨਾਲ ਜੁੜੀ ਹਰੇਕ ਜਥੇਬੰਦੀ ਨੂੰ ਸਾਂਝੇ ਮੰਚ ਦਾ ਹਿੱਸਾ ਬਣਾਇਆ ਜਾਵੇਗਾ। ਇਕੱਤਰਤਾ ’ਚ ਤਰਕਸ਼ੀਲ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ ਨੇ ਦੱਸਿਆ ਕਿ ਡਾ. ਸਾਹਿਬ ਸਿੰਘ ਦੇ ਨਾਟਕ ਤੋਂ ਇਲਾਵਾ ਫੁਲਵਾੜੀ ਸੀਨੀਅਰ ਸੈਕੈਂਡਰੀ ਸਕੂਲ ਲੋਹੀਆਂ ਖਾਸ ਦੀਆਂ ਵਿਦਿਆਰਥਣਾਂ ਵੱਲੋਂ ਸਾਫ ਸੁਥਰੀਆਂ ਬੋਲੀਆਂ ਦੇ ਆਧਾਰਿਤ ਮਲਵਈ ਗਿੱਧੇ ਦੀ ਪੇਸ਼ਕਾਰੀ ਹੋਵੇਗੀ। ਅਵਤਾਰ ਚੜਿੱਕ ਤੇ ਸਾਥੀਆਂ ਵੱਲੋਂ ਭੰਡਾਂ ਦੀ ਪੇਸ਼ਕਾਰੀ ਰਾਹੀਂ ਸਿਆਸੀ ਤੌਰ ਤਰੀਕਿਆਂ ਤੇ ਭਰਪੂਰ ਵਿਅੰਗ ਕੱਸੇ ਜਾਣਗੇ। ‘ਤਰਕਸ਼ੀਲ’ ਦੇ ਸੰਪਾਦਕੀ ਬੋਰਡ ਦੇ ਮੈਂਬਰ ਪਾਲ ਬਾਗਪੁਰ ਨੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਬਾਰੇ ਗੱਲਬਾਤ ਕੀਤੀ। ਇਕੱਤਰਤਾ ’ਚ ਤਰਕਸ਼ੀਲ ਦੇ ਮੁੱਖ ਪ੍ਰਬੰਧਕ ਸੁਖਵਿੰਦਰ ਬਾਗਪੁਰ, ਬਿੱਟੂ ਰੂਪੇਵਾਲੀ, ਜਿੰਦਰ ਬਾਗਪੁਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰਮਲ ਸਿੰਘ ਮਲਸੀਆਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਵਰਿੰਦਰ ਪਾਲ ਸਿੰਘ ਕਾਲਾ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਗੁਰਮੀਤ ਕੋਟਲੀ, ਡੀਟੀਐੱਫ ਜ਼ਿਲ੍ਹਾ ਜਲੰਧਰ ਦੇ ਆਗੂ ਸੁਖਵਿੰਦਰ ਪ੍ਰੀਤ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੇ ਆਗੂ ਜਸਬੀਰ ਸਿੰਘ ਸ਼ੀਰਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਗੁਰਮੀਤ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਤਾਰਾ ਸਿੰਘ ਥੰਮੂਵਾਲ, ਕਿਸਾਨ ਆਗੂ ਗੁਰਦੇਵ ਸਿੰਘ ਨਵਾਂ ਕਿਲ੍ਹਾ, ਦੇਸ ਰਾਜ ਜਾਫਰਵਾਲ, ਮਾਸਟਰ ਨਰਿੰਦਰ ਪਾਲ, ਡਾ. ਰੇਸ਼ਮ ਲਾਲ, ਤਰਕਸ਼ੀਲ ਆਗੂ ਅਮਨ ਬਾਗਪੁਰ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਨੁਮਾਇੰਦੇ ਸ਼ਾਮਲ ਸਨ।