ਰਿਕਾਰਡ ਮੁਹੱਈਆ ਨਾ ਕਰਵਾਉਣ 'ਤੇ ਭੜਕੇ ਸੀਨੀਅਰ ਡਿਪਟੀ ਮੇਅਰ
ਰਿਕਾਰਡ ਮੁਹੱਈਆ ਨਾ ਕਰਵਾਉਣ 'ਤੇ ਭੜਕੇ ਸੀਨੀਅਰ ਡਿਪਟੀ ਮੇਅਰ, ਵਿਜਿਲੈਂਸ ਨੂੰ ਸ਼ਿਕਾਇਤ ਦੀ ਚੇਤਾਵਨੀ
Publish Date: Wed, 18 Mar 2026 09:52 PM (IST)
Updated Date: Wed, 18 Mar 2026 09:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਓ ਐਂਡ ਐੱਮ ਬ੍ਰਾਂਚ ਦੀ ਮੀਟਿੰਗ ’ਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਸੀਵਰੇਜ ਤੇ ਸਟਰੀਟ ਲਾਈਟਾਂ ਨਾਲ ਸਬੰਧਤ ਰਿਕਾਰਡ ਮੁਹੱਈਆ ਕਰਵਾਉਣ ’ਚ ਹੋ ਰਹੀ ਦੇਰੀ ’ਤੇ ਨਾਰਾਜ਼ਗੀ ਜਤਾਈ। ਮੇਅਰ ਵਨੀਤ ਧੀਰ ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਬਲਬੀਰ ਸਿੰਘ ਬਿੱਟੂ ਨੇ ਓਐਂਡਐੱਮ ਬ੍ਰਾਂਚ ਦੇ ਐੱਸਈ ਜਸਪਾਲ ਨਾਲ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਤੇ ਕੁਝ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਕੋਲੋਂ ਸੀਵਰੇਜ ਤੇ ਸਟਰੀਟ ਲਾਈਟਾਂ ਦੇ ਕੰਮਾਂ ਦੇ ਐਸਟੀਮੇਟ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਉਸ ਸਮੇਂ ਨਿਗਮ ਕਮਿਸ਼ਨਰ ਨੇ ਜੁਆਇੰਟ ਕਮਿਸ਼ਨਰ ਮਨਦੀਪ ਕੌਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਜੁਆਇੰਟ ਕਮਿਸ਼ਨਰ ਵੱਲੋਂ ਓ ਐਂਡ ਐੱਮ ਬ੍ਰਾਂਚ ਤੋਂ ਵਾਰ-ਵਾਰ ਰਿਕਾਰਡ ਮੰਗਿਆ ਜਾ ਰਿਹਾ ਹੈ ਪਰ ਰਿਕਾਰਡ ਮੁਹੱਈਆ ਨਹੀਂ ਕਰਵਾਇਆ ਗਿਆ। ਇਸ ਕਾਰਨ ਨਿਗਮ ਕਮਿਸ਼ਨਰ ਨੂੰ ਰਿਕਾਰਡ ਲਈ ਚਿਤਾਵਨੀ ਪੱਤਰ ਜਾਰੀ ਕਰਨਾ ਪਿਆ। ਬਿੱਟੂ ਨੇ ਕਿਹਾ ਕਿ ਅਧਿਕਾਰੀਆਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਰਿਕਾਰਡ ਨਹੀਂ ਦਿੱਤਾ ਗਿਆ ਤੇ ਜੇ ਵਿਜਿਲੈਂਸ ਬਿਊਰੋ ਜਾਂ ਸਕੱਤਰ ਇਹ ਰਿਕਾਰਡ ਮੰਗਦੇ ਤਾਂ ਤੁਰੰਤ ਮੁਹੱਈਆ ਕਰਵਾ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਕੀ ਹੁਣ ਰਿਕਾਰਡ ਲੈਣ ਲਈ ਵੀ ਵਿਜੀਲੈਂਸ ਜਾਂਚ ਦੀ ਲੋੜ ਪਵੇਗੀ।